ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹੇ ਦੇ ਤੀਸਰੇ ਪਾਜ਼ੀਟਿਵ ਕੇਸ ਦਾ ਸੈਂਪਲ ਵੀ ਅੰਮ੍ਰਿਤਸਰ ਲੈਬ 'ਚ ਭੇਜਿਆ
ਫਰੀਦਕੋਟ, 1 ਮਈ 2020 - ਸਿਹਤ ਵਿਭਾਗ ਫਰੀਦਕੋਟ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਅਤੇ ਕੋਵਿਡ-19 ਦੇ ਸੈੰਪਲ ਲੈਣ ਦਾ ਕੰਮ ਚੱਲ ਰਿਹਾ ਹੈ ਅਤੇ ਹਰ ਪਿੰਡ-ਕਸਬੇ ਵਿੱਚ ਸਰਵੇ ਦਾ ਕੰਮ ਜਾਰੀ ਹੈ।
ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਹਜ਼ੂਰ ਸਹਿਬ ਤੋਂ ਹਾਲ ਹੀ ਵਿੱਚ ਫਰੀਦਕੋਟ ਜ਼ਿਲੇ ਵਿੱਚ ਪਰਤੇ 126 ਸ਼ਰਧਾਲੂਆਂ ਦੇ ਸਿਹਤ ਵਿਭਾਗ ਦੀ ਟੀਮ ਨੇ ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜ ਦਿੱਤੇ ਹਨ।ਇਹਨਾਂ ਸੈਂਪਲਾਂ ਵਿੱਚੋਂ 12 ਰਿਪੋਰਟ ਨੈਗੇਟਿਵ ਹੈ ਅਜੇ ਤੱਕ 3 ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਹਨ ਜੋ ਜੇਰੇ ਇਲਾਜ ਹਨ।ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਅਤੇ ਜ਼ਿਲੇ ਵਿੱਚ ਆਮ ਲੋਕਾਂ ਲਈ ਸਥਾਪਿਤ ਫਲੂ ਕਾਰਨਰ ਤੇ ਕੋਰੋਨਾ ਦੇ ਅੱਜ ਤੱਕ ਕੁੱਲ 541 ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਜਾ ਚੁੱਕੇ ਹਨ।
ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੇ ਤੀਸਰੇ ਪਾਜ਼ੇਟਿਵ ਮਰੀਜ਼ ਦਾ ਵੀ ਸੈਂਪਲ ਵੀ ਅਮ੍ਰਿਤਸਰ ਲੈਬ ਵਿਚ ਟੈਸਟ ਲਈ ਭੇਜ ਦਿੱਤਾ ਗਿਆ ਹੈ ਜੇ ਉਸ ਦੀ ਰਿਪੋਰਟ ਵੀ ਨੈਗੇਟਿਵ ਆਉਂਦੀ ਹੈ ਤਾਂ ਉਸ ਦਾ 24 ਘੰਟੇ ਬਾਅਦ ਹੀ ਦੂਸਰਾ ਸੈਂਪਲ ਵੀ ਟੈਸਟ ਲਈ ਭੇਜ ਦਿੱਤਾ ਜਾਵੇਗਾ ਤੇ ਉਸਨੂੰ ਵੀ ਹਸਪਤਾਲ ਤੋਂ ਛੁੱਟੀ ਮਿਲਣ ਦੇ ਅਸਾਰ ਬਣ ਜਾਣਗੇ।ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਬਾਹਰਲੇ ਸੂਬੇ ਤੋਂ ਆਏ ਵਿਅਤਕਤੀਆਂ ਦੇ ਰਹਿਣ ਸਹਿਣ,ਖਾਣ-ਪੀਣ, ਮੈਡੀਕਲ ਜਾਂਚ ਅਤੇ ਸੈਂਪਲ ਇਕੱਤਰ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਇਹਨਾਂ ਪ੍ਰਬੰਧਾਂ ਲਈ ਵੱਖ-ਵੱਖ ਅੀਧਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ।ਉਨਾਂ ਸਮੂਹ ਸਿਹਤ ਵਿਭਾਗ ਦੇ ਫੀਲਡ ਸਟਾਫ,ਬਲਾਕ ਐਜੂਕੇਟਰਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਕਰਕੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਸੈਂਟਰਾਂ ਵਿੱਚ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣ।ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।