ਅਸ਼ੋਕ ਵਰਮਾ
ਮਾਨਸਾ, 1 ਮਈ 2020 - ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਲਈ ਖੁਸ਼ੀ ਦੀ ਗੱਲ ਹੈ ਕਿ ਮਾਨਸਾ ਦੇ ਬਲਾਕ ਬੁਢਲਾਡਾ ਨਾਲ ਸਬੰਧਤ ਕੋਰੋਨਾ ਦਾ ਇਲਾਜ਼ ਕਰਵਾ ਰਹੀ ਇਕ ਔਰਤ ਦੀ ਰਿਪੋਰਟ ਨੈਗਟਿਵ ਆਈ ਹੈ। ਉਨਾਂ ਦੱਸਿਆ ਕਿ ਉਕਤ ਔਰਤ ਦੀ ਉਮਰ 32 ਸਾਲ ਹੈ ਅਤੇ ਸਿਵਲ ਹਸਪਤਾਲ ਮਾਨਸਾ ਤੋਂ ਅੱਜ ਚੌਥਾ ਮਰੀਜ਼ ਤੰਦਰੁਸਤ ਹੋ ਕੇ ਵਾਪਸ ਜਾ ਰਿਹਾ ਹੈ। ਇਸ ਸਮੇਂ ਹਸਪਤਾਲ ਵਿਚ 9 ਕੋਰੋਨਾ ਦੇ ਮਰੀਜ਼ ਰਹਿ ਗਏ ਹਨ, ਜਿੰਨਾਂ ਦਾ ਮਾਹਰ ਡਾਕਟਰਾਂ ਦੀ ਦੇਖ ਰੇਖ ਹੇਠ ਇਲਾਜ਼ ਚੱਲ ਰਿਹਾ ਹੈ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪਿਛਲੇ 22 ਦਿਨਾਂ ਤੋਂ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਕਰਵਾ ਰਹੀ ਕੋਰੋਨਾ ਪੀੜਤ ਬੁਢਲਾਡਾ ਨਿਵਾਸੀ ਦੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਅੱਜ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਛੱਤੀਸਗੜ ਤੋਂ ਆਏ ਵਿਅਕਤੀਆਂ ਦੇ ਸੈਂਪਲ ਪਾਜ਼ੀਟਿਵ ਆਉਣ ਤੋਂ ਬਾਅਦ ਉਨਾਂ ਦੇ ਸੰਪਰਕ ਵਾਲੇ ਇਸ ਕੋਰੋਨਾ ਮਰੀਜ਼ ਦੇ 9 ਅਪ੍ਰੈਲ ਨੂੰ ਸੈਂਪਲ ਲਏ ਗਏ ਸਨ। ਜਿਸ ਤੋਂ ਬਾਅਦ ਇਸਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤਾ ਗਿਆ ਸੀ। ਉਨਾਂ ਕਿਹਾ ਕਿ ਇਸੇ ਤਰਾਂ ਹੀ ਹਰ ਕੋਰੋਨਾ ਮਰੀਜ਼ ਇਕਾਂਤਵਾਸ ਵਿੱਚ ਰਹਿ ਕੇ ਆਪਣਾ ਇਲਾਜ਼ ਕਰਵਾ ਕੇ ਕੋਰੋਨਾ ਵਾਇਰਸ ਨੂੰ ਹਰਾ ਸਕਦਾ ਹੈ।
ਤੰਦਰੁਸਤ ਹੋਈ ਔਰਤ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ, ਪੰਜਾਬ ਸਰਕਾਰ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਜ ਦੌਰਾਨ ਉਨਾਂ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਬਹੁਤ ਸਹਿਯੋਗ ਮਿਲਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਡਾ. ਅਸ਼ੋਕ ਕੁਮਾਰ ਐਸ.ਐਮ.ਓ. ਸਿਵਲ ਹਸਪਤਾਲ ਮਾਨਸਾ, ਡਾ. ਸੁਨੀਲ ਬਾਂਸਲ ਅਤੇ ਡਾ.ਪੰਕਜ ਗਰਗ ਮੌਜੂਦ ਸਨ।