ਕੈਨੈਡਾ : ਟੋਰਾਂਟੋ 'ਚ 4 ਟੈਕਸੀ ਡਰਾਈਵਰ ਕੋਰੋਨਾ ਕਾਰਨ ਮੌਤ ਦਾ ਹੋਏ ਸ਼ਿਕਾਰ
ਟੋਰਾਂਟੋ, 2 ਮਈ, 2020 : ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਚਾਰ ਟੈਕਸੀ ਡਰਾਈਵਰ ਕੋਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਹਨਾਂ ਵਿਚੋਂ ਦੋ ਟੈਕਸੀ ਤੇ ਦੋ ਲੀਮੋਜ਼ਿਨ ਡਰਾਈਵਰ ਸਨ। ਇਹ ਮੌਤਾਂ ਪਿਛਲੇ ਦਿਨਾਂ ਵਿਚ ਹੋਈਆਂ ਦੱਸੀਆਂ ਜਾ ਰਹੀਆਂ ਹਨ। ਗਰੇਟਰ ਟੋਰਾਂਟੋ ਏਅਰਪੋਰਟਸ ਅਥਾਰਟੀ (ਜੀ ਟੀ ਏ ਏ) ਨੇ ਇਕ ਬਿਆਨ ਵਿਚ ਮੌਤਾਂ ਹੋਣ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਕੋਰੋਨਾ ਦੀ ਆਮਦ ਮਗਰੋਂ ਹੁਣ ਤੱਕ ਕਿੰਨੇ ਡਰਾਈਵਰਾਂ ਦੀ ਮੌਤ ਹੋਈ ਹੈ।
ਡਰਾਈਵਰਾਂ ਦੀ ਯੂਨੀਅਨ ਜਿਸ ਵਿਚ 360 ਦੇ ਕਰੀਬ ਮੈਂਬਰ ਹਨ, ਨੇ ਡਰਾਈਵਰਾਂ ਵਿਚ ਇਹ ਬਿਮਾਰੀ ਫੈਲਣ 'ਤੇ ਚਿੰਤਾ ਪ੍ਰਗਟ ਕੀਤੀ ਹੈ। ਪਤਾ ਲੱਗਾ ਹੈ ਕਿ ਮਰਨ ਵਾਲੇ ਡਰਾਈਵਰਾਂ ਵਿਚੋਂ ਬਹੁ ਗਿਣਤੀ ਪੰਜਾਬੀ ਸਨ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਹੋ ਸਕੀ। ਦੱਸਣਯਗ ਹੈ ਕਿ ਕੈਨੇਡਾ ਨੇ ਅਮਰੀਕਾ ਸਮੇਤ ਮੁੱਖ ਦੇਸ਼ਾਂ ਲਈ ਆਪਣੀਆਂ ਫਲਾਈਟਸ ਬੰਦ ਕੀਤੀਆਂ ਹੋਈਆਂ ਹਨ ਤੇ ਸਫਰ ਕਰਨ ਵਾਲੇ ਮੁਸਾਫਰਾਂ ਦੀ ਗਿਣਤੀ ਵੀ ਬਹੁਤ ਘੱਟ ਹੈ।