ਹਰਜਿੰਦਰ ਸਿੰਘ ਬਸਿਆਲਾ
- ਬਖਸ਼ੀ ਨੇ ਵਿਦੇਸ਼ ਮੰਤਰੀ ਨੂੰ ਭਾਰਤ ਵਸੇ ਨਾਗਰਿਕਾਂ, ਪੀ.ਆਰਾਂ. ਅਤੇ ਵੱਖ-ਵੱਖ ਵੀਜ਼ਾ ਧਾਰਿਕਾਂ ਲਈ ਹੋਰ ਵਿਸ਼ੇਸ਼ ਉਡਾਣਾ ਲਈ ਲਿਖੀ ਚਿੱਠੀ
- ਚਲੇ ਗਈਆਂ ਚਿੱਠੀਆਂ...ਮੁੜਦੀ ਡਾਕੇ ਉਡੀਕਾਂ ਉੱਤਰ ਦੀ
ਔਕਲੈਂਡ, 3 ਮਈ 2020 - ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿਚ ਕੋਰੋਨਾ ਵਾਇਰਸ ਕਰਕੇ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਪੰਜਾਬ ਦੀ ਹਾਲਤ ਵਧੀਆ ਸੀ ਪਰ ਪਿਛਲੇ ਕੁਝ ਦਿਨਾਂ ਦੇ ਵਿਚ ਦੁਬਾਰਾ ਖਰਾਬ ਹੋ ਗਈ ਹੈ। ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿਚ ਗਏ ਹੋਏ ਨਿਊਜ਼ੀਲੈਂਡ ਦੇ ਨਾਗਰਿਕ, ਪੀ. ਆਰ. ਅਤੇ ਹੋਰ ਵੀਜ਼ਾ ਧਾਰਕ ਵਾਪਿਸ ਆਉਣ ਦੀ ਤਾਕ ਵਿਚ ਹਨ। ਪਰ ਦੋਹਾਂ ਮੁਲਕਾਂ ਦੇ ਵਿਚ ਚੱਲ ਰਹੀ ਕੋਰੋਨਾ ਤਾਲਾਬੰਦੀ ਕਰਕੇ ਆਮ ਫਲਾਈਟਾਂ ਬੰਦ ਹਨ। ਨਿਊਜ਼ੀਲੈਂਡ ਸਰਕਾਰ ਨੇ ਤਿੰਨ ਜਹਾਜ਼ ਚਲਾ ਕੇ 700 ਤੋਂ ਉਪਰ ਲੋਕ ਵਾਪਿਸ ਤਾਂ ਲੈ ਆਂਦੇ ਹਨ ਪਰ ਬਹੁਤ ਸਾਰੇ ਰਹਿ ਗਏ ਹਨ।
ਇਸ ਸਬੰਧੀ ਕੰਵਲਜੀਤ ਸਿੰਘ ਬਖਸ਼ੀ ਨੇ ਹਿਸਾਬ-ਕਿਤਾਬ ਲਗਾਉਂਦਿਆਂ ਦੇਸ਼ ਦੇ ਵਿਦੇਸ਼ ਮੰਤਰੀ ਵਿਨਸਨ ਪੀਟਰਜ ਨੂੰ ਇਕ ਵਾਰ ਫਿਰ ਚਿੱਠੀ ਲਿਖੀ ਹੈ ਕਿ ਸੈਂਕੜੇ ਹੋਰ ਲੋਕ ਜੋ ਕਿ ਨਾਗਰਿਕ, ਪੀ. ਆਰ. ਅਤੇ ਵੀਜਾ ਧਾਰਕ ਹਨ, ਉਨ੍ਹਾਂ ਨੂੰ ਵਾਪਿਸ ਲਿਆਉਣ ਲਈ ਹੋਰ ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਲਿਖਿਆ ਹੈ ਕਿ ਬਹੁਤ ਸਾਰੇ ਲੋਕਾਂ ਉਨ੍ਹਾਂ ਦੇ ਨਾਲ ਸੰਪਰਕ ਕਰਕੇ ਸਾਰੀ ਸਥਿਤੀ ਦੱਸ ਰਹੇ ਹਨ ਅਤੇ ਵਾਪਿਸ ਪਰਤਣ ਲਈ ਚਿੰਤਤ ਹਨ। ਇਹ ਸਾਰੇ ਥੋੜ੍ਹੇ ਸਮੇਂ ਲਈ ਭਾਰਤ ਗਏ ਸਨ ਪਰ ਲਾਕਡਾਊਨ ਕਰਕੇ ਫਸ ਗਏ ਹਨ। ਬਖਸ਼ੀ ਨੇ ਮੰਗ ਕੀਤੀ ਹੈ ਕਿ ਘੱਟੋ-ਘੱਟ ਦੋ ਹੋਰ ਫਲਾਈਟਾਂ ਇੱਕ ਦਿੱਲੀ ਤੋਂ ਅਤੇ ਇਕ ਦੱਖਣੀ ਭਾਰਤ ਤੋਂ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹ ਲੋਕ ਆਪਣੀ ਵਤਨ ਵਾਪਿਸੀ ਕਰ ਸਕਣ। ਬਖਸ਼ੀ ਨੇ ਕਿਹਾ ਹੈ ਕਿ ਜੇਕਰ ਏਅਰ ਨਿਊਜ਼ੀਲੈਂਡ ਲਈ ਨਹੀਂ ਵਾਰੇ ਖਾਂਦਾ ਤਾਂ ਉਹ ਕਿਸੀ ਹੋਰ ਚਾਰਟਰ ਫਲਾਈਟ ਦੇ ਲਈ ਵਿਚਾਰ ਕਰਨ ਜਿਸ ਦੇ ਲਈ ਉਹ ਉਨ੍ਹਾਂ ਦੇ ਦਫਤਰ ਨਾਲ ਪੂਰਨ ਸਹਾਇਤਾ ਪ੍ਰਦਾਨ ਕਰਨਗੇ।
ਸੋ ਉਦਮ ਕਰਨਾ ਸਾਡੇ ਸਾਂਸਦ ਮੈਂਬਰਾਂ ਦਾ ਫਰਜ਼ ਹੈ ਪਰ ਮੁੜਦੀ ਡਾਕ ਉਤਰ ਦੇਣਾ ਅਗਲਿਆਂ ਦੀ ਮਰਜ਼ੀ ਹੈ। ਚਿੱਠੀਆਂ ਦੇ ਰਾਹੀਂ ਲੋਕਾਂ ਨੂੰ ਵੀ ਇਕ ਵਾਰ ਜਰੂਰ ਸਬੰਧਿਤ ਮੰਤਰਾਲੇ ਨੂੰ ਲਿਖਣਾ ਚਾਹੀਦਾ ਹੈ ਤਾਂ ਕਿ ਉਹ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ।