ਹਰਿੰਦਰ ਨਿੱਕਾ
- ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਦੁਆਰਾ ਹੋਮਿਓਪੈਥਿਕ ਦਵਾਈ ਆਰਸੈਨਿਕ ਐਲਬਮ 30 ਲੈਣ ਲਈ ਲੋਕਾਂ ਨੂੰ ਕਹਿਣਾ ਭੋਲੇਭਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ - ਮਿੱਤਰ
- ਕੋਈ ਵੀ ਹੋਮਿਓਪੈਥ , ਆਰਸੈਨਿਕ ਐਲਬਮ 30 x 'ਚ ਕੋਈ ਦਵਾਈ ਦਾ ਹੋਣਾ ਸਾਬਿਤ ਕਰਕੇ ਜਿੱਤੇ 5 ਲੱਖ ਦਾ ਇਨਾਮ - ਮੇਘ ਰਾਜ ਮਿੱਤਰ
ਬਰਨਾਲਾ, 3 ਮਈ 2020 - ਪੰਜਾਬ ਸਰਕਾਰ ਦੁਆਰਾ ਪਿਛਲੇ ਦਿਨੀਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਹੋਮਿਓਪੈਥਿਕ ਦਵਾਈ ,,ਆਰਸੈਨਿਕ ਐਲਬਮ 30 ਲੈਣ ਲਈ ਕਹਿਣ ਤੇ ਤਰਕਸ਼ੀਲ ਸੋਸਾਇਟੀ ਭਾਰਤ ਦੇ ਬਾਨੀ ਸੰਸਥਾਪਕ ਮੇਘ ਰਾਜ ਮਿੱਤਰ ਨੇ ਸਰਕਾਰ ਦੀ ਕਰੜੀ ਨਿੰਦਾ ਕੀਤੀ ਹੈ। ਮਿੱਤਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਕੋਈ ਵੀ ਦਵਾਈ ਜਾਂ ਇਲਾਜ਼ ਹਾਲੇ ਤੱਕ ਦੁਨੀਆਂ ਚ, ਕਿਸੇ ਵੀ ਹਿੱਸੇ ਚ, ਈਜਾਦ ਨਹੀਂ ਹੋਇਆ।
ਅਜਿਹੇ ਹਾਲਤ ਚ, ਇੱਕ ਚੁਣੀ ਹੋਈ ਸਰਕਾਰ ਦੁਆਰਾ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਹੀ ਲੋਕਾਂ ਨੂੰ ਉਹ ਦਵਾਈ ਦੀ ਵਰਤੋਂ ਕਰਨ ਲਈ ਕਹਿਣਾ, ਜਿਸ ਦਾ ਕੋਈ ਵਿਗਿਆਨਕ ਅਧਾਰ ਹੀ ਨਾ ਹੋਵੇ, ਬਹੁਤ ਹੀ ਹਾਸੋਹੀਣੀ ਅਤੇ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਆਰਸੈਨਿਕ ਐਲਬਮ 30 ਨਾਲ ਕੋਰੋਨਾ ਦਾ ਇਲਾਜ਼ ਜਾਂ ਇਸ ਨਾਲ ਇਮੂੳਨ ਸਿਸਟਮ ਨੂੰ ਮਜਬੂਤ ਕਰਨਾ ਤਾਂ ਦੂਰ ਦੀ ਗੱਲ ਰਹੀ, ਜੇਕਰ ਦੁਨੀਆਂ ਦਾ ਕੋਈ ਵੀ ਹੋਮਿਓਪੈਥ ,,ਆਰਸੈਨਿਕ ਐਲਬਮ 30 x ਦਵਾਈ ਚ, ਕੋਈ ਦਵਾਈ ਦਾ ਹੋਣਾ ਹੀ ਸਾਬਿਤ ਕਰ ਦੇਵੇ ਤਾਂ ਮੈਂ ਉਸਨੂੰ 5 ਲੱਖ ਰੁਪਏ ਦਾ ਇਨਾਮ ਦਿਆਂਗਾ।
ਮਿੱਤਰ ਨੇ ਕਿਹਾ ਕਿ ਹੋਮਿਓਪੈਥਿਕ ਦਵਾਈ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਡਬਲਯੂਐਚਉ ਤੋਂ ਕੋਈ ਮਾਨਤਾ ਨਹੀਂ ਹੈ। ਇਸ ਦਾ ਕੋਈ ਵਿਗਿਆਨਕ ਅਧਾਰ ਨਾ ਹੋਣ ਕਰਕੇ ਦੁਨੀਆਂ ਦੇ ਹੋਰ ਕਿਸੇ ਵੀ ਹਿੱਸੇ ਚ,ਇਸ ਨੂੰ ਕੋਈ ਮਾਨਤਾ ਵੀ ਨਹੀਂ ਹੈ। ਮਿੱਤਰ ਨੇ ਕਿਹਾ ਕਿ ਹੋਮਿਓਪੈਥੀ ਇਨਡੀਵਿਜੂਅਲ ਪੈਥੀ ਹੈ, ਇਸ ਦੀ ਕੋਈ ਵੀ ਦਵਾਈ ਹਰ ਇੱਕ ਲਈ ਨਹੀਂ ਹੁੰਦੀ, ਹਰ ਵਿਅਕਤੀ ਲਈ ਵੱਖਰੀ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋਮਿਓਪੈਥਿਕ ਦਵਾਈ ਚ, ਐਲਕੋਹਲ ਤੇ ਖੰਡ ਦੋ ਹੀ ਚੀਜਾਂ ਦੀ ਵਰਤੋਂ ਹੁੰਦੀ ਹੈ, ਨਾ ਹੀ ਕੋਈ ਇਸ ਦੀ ਟੈਸਟਿੰਗ ਹੁੰਦੀ ਹੈ ਅਤੇ ਨਾ ਹੀ ਕਦੇ ਹੋ ਸਕਦੀ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਅਜਿਹੀ ਗੈਰ ਵਿਗਿਆਨਕ ਪੈਥੀ ਦੇ ਆਸਰੇ ਕੋਰੋਨਾ ਜਿਹੀ ਮਹਾਂਮਾਰੀ ਦੇ ਮੌਕੇ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੋਮਿਓਪੈਥਿਕ ਦਵਾਈ ਦੀ ਸਿਫਾਰਸ਼ ਕਰਨ ਵਾਲਾ ਨੋਟੀਫਿਕੇਸ਼ਨ ਵਾਪਿਸ ਲੈਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਮੇਘ ਰਾਜ ਮਿੱਤਰ ਉਹ ਸ਼ਖਸ਼ੀਅਤ ਹਨ, ਜਿਨ੍ਹਾਂ ਨੂੰ ਭਾਰਤ ਅੰਦਰ ਤਰਕਸ਼ੀਲਤਾ ਦੀ ਲਹਿਰ ਦਾ ਜਨਮਦਾਤਾ ਸਮਝਿਆ ਜਾਂਦਾ ਹੈ।
ਮਿੱਤਰ ਨੂੰ ਪੰਜਾਬ ਸਰਕਾਰ ਸ੍ਰੋਮਣੀ ਸਾਹਿਤਕਾਰ ਦੇ ਐਵਾਰਡ ਨਾਲ ਨਿਵਾਜ ਚੁੱਕੀ ਹੈ ਅਤੇ ਇਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ਉਤਸਵ ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਧਾਰ ਤੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 'ਆਰਸੈਨਿਕ ਐਲਬਮ 30' ਦੀਆਂ ਤਿੰਨ ਗੋਲੀਆਂ , ਤਿੰਨ ਦਿਨ ਤੱਕ ਖਾਲੀ ਪੇਟ ਲੈਣ ਦੀ ਸਿਫਾਰਸ਼ ਕੀਤੀ ਗਈ ਹੈ।