ਅਸ਼ੋਕ ਵਰਮਾ
ਬਠਿੰਡਾ, 3 ਮਈ 2020 - ਸੀਪੀਆਈ ਐੱਮ ਐਲ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰੇਤ ਕਾਮਰੇਡ ਹਰਵਿੰਦਰ ਸਿੰਘ ਸੇਮਾ, ਮਜਦੂਰ ਮੁਕਤੀ ਮੋਰਚਾ ਜ਼ਿਲ੍ਹਾ ਪ੍ਰਧਾਨ ਕਾਮਰੇਡ ਪਿ੍ਰਤਪਾਲ ਰਾਮਪੁਰਾ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਾਜਿੰਦਰ ਸਿੰਘ ਸੀਵੀਆ ਅਤੇ ਸੀਪੀਆਈ ਐੱਮ ਐਲ ਲਿਬਰੇਸ਼ਨ ਮਾਲਵਾ ਜੋਨ ਕਮੇਟੀ ਮੈਬਰ ਅਤੇ ਪੰਜਾਬ ਕਿਸਾਨ ਯੂਨੀਅਨ ਜਿਲਾ ਪ੍ਰੈੱਸ ਸਕੱਤਰ ਗੁਰਤੇਜ ਮਹਿਰਾਜ ਨੇ ਕਿਹਾ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਨਾਂਅ ’ਤੇ ਅਪਮਾਨਿਤ ਅਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਇਹ ਬੇਹੱਦ ਨਿੰਦਣਯੋਗ ਹੈ।
ਇੱਥੇ ਜਾਰੀ ਬਿਆਨ ’ਚ ਆਗੂਆਂ ਨੇ ਕਿਹਾ ਹੈ ਕਿ ਕੋਰੋਨਾ ਵਰਗੇ ਗੰਭੀਰ ਸੰਕਟ ਦੇ ਮੌਕੇ ਉੱਤੇ ਭੁੱਖ ਨਾਲ ਮਰ ਰਹੀ ਜਨਤਾ ਨੂੰ ਚਾਰ ਡੰਗ ਦਾ ਰਾਸ਼ਨ ਵੰਡਣ ਤੋਂ ਪਹਿਲਾਂ ਥੈਲੀਆਂ ’ਤੇ ਆਪਣੀ ਫੋਟੋ ਛਪਵਾਉਣ ਦੀ ਖੇਡ ਵਿੱਚ ਮਗਨ ਹੋ ਜਾਣਾ ਸਿਆਸਤਦਾਨਾਂ ਦੀ ਨਿੱਘਰੀ ਹੋਈ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ। ਗੁਰਤੇਜ ਮਹਿਰਾਜ ਨੇ ਕਿਹਾ ਹੈ ਕਿ ਸੰਗਤਾਂ ਨੂੰ ਅਪਮਾਨਿਤ ਅਤੇ ਖੱਜਲ ਖੁਆਰ ਕਰਨ ਪਿੱਛੇ ਵੀ ਇਹੋ ਹੀ ਨਿੱਘਰੀ ਹੋਈ ਮਾਨਸਿਕਤਾ ਅਤੇ ਸਿਆਸਤ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕੋਰੋਨਾ ਸੰਕਟ ਨੂੰ ਇੰਜ ਇੱਕ ਰਾਜਨੀਤਕ ਹਥਿਆਰ ਬਣਾ ਕੇ ਵਰਤਣ ਨਾਲ ਪੰੰਜਾਬ ਇੱਕ ਗੰਭੀਰ ਸਮਾਜਿਕ ਸੰਕਟ ਵਿੱਚ ਜਾ ਫਸੇਗਾ ਜਿਸ ਲਈ ਮੌਜੂਦਾ ਹੁਕਮਰਾਨ ਜਿੰਮੇਵਾਰ ਹੋਣਗੇ।