ਪ੍ਰਵਾਸੀ ਮਜ਼ਦੂਰਾਂ ਦਾ ਰੇਲ ਕਿਰਾਇਆ ਕਾਂਗਰਸ ਭਰੇਗੀ : ਸੋਨੀਆ ਗਾਂਧੀ
ਨਵੀਂ ਦਿੱਲੀ, 4 ਮਈ, 2020 : ਕੁੱਲ ਹਿੰਦ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਵੱਖ ਵੱਖ ਰਾਜਾਂ ਵਿਚ ਫਸੇ ਹੋਏ ਪ੍ਰਵਾਸੀ ਮਜ਼ਦੂਰ ਜੋ ਰੇਲ ਰਾਹੀਂ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ, ਦਾ ਰੇਲ ਕਿਰਾਇਆ ਕਾਂਗਰਸ ਦੀਆਂ ਸਬੰਧਤ ਰਾਜ ਇਕਾਈਆਂ ਭਰਨਗੀਆਂ।
ਕਾਂਗਰਸ ਦੇ ਵਰਕਰਾਂ ਨੂੰ ਲਿਖੇ ਇਕ ਪੱਤਰ ਵਿਚ ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਇਸ ਸਬੰਧਤ ਵਿਚ ਲੋੜੀਂਦੇ ਕਦਮ ਚੁੱਕੇਗੀ। ਉਹਨਾਂ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਹਰ ਪ੍ਰਦੇਸ਼ ਕਾਂਗਰਸ ਕਮੇਟੀ ਹਰੇਕ ਲੋੜਵੰਦ ਵਰਕਰ ਤੇ ਪ੍ਰਵਾਸੀ ਮਜ਼ਦੂਰ ਦਾ ਰੇਲ ਕਿਰਾਇਆ ਭਰੇਗੀ ਤੇ ਇਸ ਸਬੰਧ ਵਿਚ ਲੋੜੀਂਦੇ ਕਦਮ ਚੁੱਕੇਗੀ। ਉਹਨਾਂ ਕਿਹਾ ਕਿ ਇਹ ਕਾਂਗਰਸ ਦਾ ਸਾਡੇ ਲੋਕਾਂ ਦੀ ਸੇਵਾ ਵਿਚ ਛੋਟਾ ਜਿਹਾ ਯੋਗਦਾਨ ਹੋਵੇਗਾ ਤੇ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ•ੇ ਹਾਂ।
ਸੋਨੀਆ ਗਾਂਧੀ ਨੇ ਇਹ ਚਿੱਠੀ ਰੇਲਵੇ ਦੇ ਉਸ ਹੁਕਮ ਤੋਂ ਇਕ ਦਿਨ ਬਾਅਦ ਆਈ ਹੈ ਜਿਸ ਵਿਚ ਰੇਲਵੇ ਨੇ ਰਾਜ ਸਰਕਾਰਾਂ ਨੂੰ ਕਿਹਾ ਸੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਤੋਂ ਰੇਲ ਟਿਕਟ ਕਿਰਾਇਆ ਇਕੱਠਾ ਕਰ ਲੈਣ। ਸ਼ਨੀਵਾਰ ਨੂੰ ਪ੍ਰਕਾਸ਼ਤ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਰੇਲਵੇ ਜਿਹੜੇ ਰਾਜਾਂ ਤੋਂ ਸਫਰ ਸ਼ੁਰੂ ਹੋਣਾ ਹੈ, ਉਥੇ ਦੀਆਂ ਸਰਕਾਰਾਂ ਨੂੰ ਟਿਕਟਾਂ ਸੌਂਪੇਗੀ ਤੇ ਰਾਜ ਸਰਕਾਰਾਂ ਰੇਲ ਟਿਕਟ ਦਾ ਕਿਰਾਇਆ ਇਕੱਠਾ ਕਰਕੇ ਰੇਲਵੇ ਕੋਲ ਜਮ•ਾਂ ਕਰਵਾਉਣਗੀਆਂ।
ਯਾਦ ਰਹੇ ਕਿ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿਚ ਸਪਸ਼ਟ ਕੀਤਾ ਸੀ ਕਿ ਮੌਜੂਦਾ ਰੇਲ ਸਫਰ ਦੀ ਸਹੂਲਤ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਲਾਕ ਡਾਊਨ ਤੋਂ ਪਹਿਲਾਂ ਆਪਣੀ ਕੰਮ ਵਾਲੀ ਥਾਂ 'ਤੇ ਸਨ ਤੇ ਫਸ ਗਏ ਹਨ ਅਤੇ ਇਹ ਸਹੂਲਤ ਆਮ ਮੁਸਾਫਰਾਂ ਵਾਸਤੇ ਨਹੀਂ ਹੈ।