ਦਿਨੇਸ਼
ਗੁਰਦਾਸਪੁਰ, 05 ਮਈ 2020- ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਏ ਜਾਣ ਮਗਰੋਂ ਉਸ ਦੀ ਮਾਤਾ ਹਰਜੀਤ ਕੌਰ ਬਟਾਲਾ ਵਿਖੇ ਪਹੁੰਚੀ ਅਤੇ ਜੱਗੂ ਨੂੰ ਮਿਲਣ ਲਈ ਥਾਣਾ ਸਿਵਲ ਲਾਈਨ ਅੱਗੇ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਸਿਲਸਿਲਾ ਕਰੀਬ ਇੱਕ ਘੰਟਾ ਜਾਰੀ ਰਿਹਾ ਹਾਲਾਂ ਕਿ ਬਾਦ ਵਿੱਚ ਉਹ ਆਪ ਹੀ ਵਾਪਸ ਚਲੀ ਗਈ।
ਇਸ ਦੌਰਾਨ ਉਸ ਨੇ ਨਾ ਸਿਰਫ਼ ਪੰਜਾਬ ਪੁਲਿਸ ਉੱਪਰ ਗੰਭੀਰ ਦੋਸ਼ ਲਾਏ। ਬਲ ਕੀ ਜੱਗੂ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਨੂੰ ਵੀ ਪੁਲਸੀਆ ਸਾਜ਼ਿਸ਼ ਦਾ ਹਿੱਸਾ ਦੱਸਿਆ। ਹਾਲਾਂ ਕਿ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਔਰਤ ਨਾਲ ਮੁਲਾਕਾਤ ਹੋਣ ਤੋਂ ਇਨਕਾਰ ਕਰਦਿਆਂ। ਉਸ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ।
ਬਟਾਲਾ ਦੇ ਥਾਣਾ ਸਿਵਲ ਲਾਈਨ ਅੱਗੇ ਗੱਲ-ਬਾਤ ਕਰਦਿਆਂ ਹਰਜੀਤ ਕੌਰ ਵਾਸੀ ਪਿੰਡ ਭਗਵਾਨ ਪੁਰ ਨੇ ਦੱਸਿਆ ਕਿ ਉਹ ਜੱਗੂ ਭਗਵਾਨਪੁਰੀਆ ਦੀ ਮਾਂ ਹੈ ਅਤੇ ਜੱਗੂ ਦੇ ਕੋਰੋਨਾ ਟੈੱਸਟ ਬਾਰੇ ਜਾਣਕਾਰੀ ਮਿਲਣ ਮਗਰੋਂ ਉਹ ਜੱਗੂ ਨੂੰ ਮਿਲਣਾ ਚਾਹੁੰਦੇ ਸਨ ਪਰ ਪੁਲਿਸ ਨੇ ਅਜਿਹਾ ਨਹੀਂ ਹੋਣ ਦਿੱਤਾ।
ਹਰਜੀਤ ਕੌਰ ਨੇ ਪੁਲਿਸ ਉੱਪਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਕਿਸੇ ਨਾ ਕਿਸੇ ਬਹਾਨੇ ਜੱਗੂ ਦਾ ਐਨਕਾਊਂਟਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਜਦੋਂ ਆਪਣੇ ਇਰਾਦਿਆਂ 'ਚ ਸਫਲ ਨਹੀਂ ਹੋ ਸਕੀ ਤਾਂ ਹੁਣ ਸਾਜ਼ਿਸ਼ ਤਹਿਤ ਮੇਰੇ ਪੁੱਤਰ ਨੂੰ ਕੋਰੋਨਾ ਦਾ ਮਰੀਜ਼ ਦੱਸਿਆ ਜਾ ਰਿਹਾ ਹੈ। ਔਰਤ ਨੇ ਕਿਹਾ ਕਿ ਪੰਜਾਬ ਪੁਲਿਸ ਬਿਮਾਰੀ ਦਾ ਬਹਾਨਾ ਬਣਾ ਕੇ ਜੱਗੂ ਦੀ ਜਾਨ ਲੈਣਾ ਚਾਹੁੰਦੀ ਹੈ।
ਹਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਜੱਗੂ ਨੂੰ ਮਿਲਣ ਸਬੰਧੀ ਬਹੁਤ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਅਜਿਹਾ ਨਹੀਂ ਹੋਣ ਦਿੱਤਾ। ਉਸ ਨੇ ਪੁਲਿਸ ਕੋਲੋਂ ਅਪੀਲ ਕੀਤੀ ਕਿ ਜੱਗੂ ਦਾ ਇਲਾਜ ਕਿਸੇ ਚੰਗੇ ਪ੍ਰਾਈਵੇਟ ਹਸਪਤਾਲ ਵਿਖੇ ਕਰਵਾਇਆ ਜਾਵੇ। ਹਰਜੀਤ ਕੌਰ ਨੇ ਕਿਹਾ ਕਿ ਉਹ ਇੱਕ ਮਾਂ ਹੈ ਅਤੇ ਆਪਣੇ ਬਿਮਾਰ ਪੁੱਤਰ ਦੇ ਬਿਹਤਰ ਇਲਾਜ ਲਈ ਸੁਪਰੀਮ ਕੋਟ ਦਾ ਦਰਵਾਜ਼ਾ ਖੜਕਾਵਾਂਗੀ।
ਉੱਥੇ ਦੂਜੇ ਪਾਸੇ ਜਦੋਂ ਉਕਤ ਮਾਮਲੇ ਸਬੰਧੀ ਬਟਾਲਾ ਦੇ ਐੱਸ.ਪੀ ਇਨਵੈਸਟੀਗੇਸ਼ਨ ਜਸਬੀਰ ਸਿੰਘ ਰਾਏ ਨਾਲ ਗੱਲ ਕੀਤੀ ਗਈ। ਤਾਂ ਉਨ੍ਹਾਂ ਨੇ ਕਿਹਾ ਕਿ ਜੱਗੂ ਦੀ ਮਾਤਾ ਨੇ ਥਾਣੇ ਅੱਗੇ ਹੰਗਾਮਾ ਜ਼ਰੂਰ ਕੀਤਾ ਹੈ ਪਰ ਕਿਸੇ ਪੁਲਿਸ ਅਧਿਕਾਰੀ ਤੱਕ ਪਹੁੰਚ ਨਹੀਂ ਕੀਤੀ। ਉਨ੍ਹਾਂ ਹਰਜੀਤ ਕੌਰ ਦੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀ ਜੱਗੂ ਨਾਲ ਨਿੱਜੀ ਨਿਰੀ ਨਹੀਂ ਹੈ। ਇਸ ਲਈ ਜਦੋਂ ਪੁਲਿਸ ਨੇ ਜੱਗੂ ਨੂੰ ਬਟਾਲਾ ਲਿਆਂਦਾ ਤਾਂ ਬਾਕਾਇਦਾ ਤੌਰ ਤੇ ਉਸ ਦੀ ਸਿਹਤ ਜਾਂਚ ਕਰਵਾਈ ਗਈ ਅਤੇ ਇਸੇ ਜਾਂਚ ਦੌਰਾਨ ਹੀ ਜੱਗੂ ਭਗਵਾਨ ਪੁਰੀਆ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਜੱਗੂ ਨੂੰ ਇਲਾਜ ਅਧੀਨ ਰੱਖਿਆ ਗਿਆ ਹੈ ਅਤੇ ਸਿਹਤਮੰਦ ਹੋਣ ਤੇ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਐੱਸ.ਪੀ ਰਾਏ ਨੇ ਕਿਹਾ ਕਿ ਗੈਂਗਸਟਰ ਜੱਗੂ ਨੂੰ ਬਟਾਲਾ ਦੇ ਸਾਬਕਾ ਸਰਪੰਚ ਦਲਬੀਰ ਕਤਲ ਮਾਮਲੇ ਸਬੰਧੀ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ਅਤੇ ਇਸ ਦੌਰਾਨ ਉਸ ਤੋਂ ਅਹਿਤਿਆਤਨ ਲੋੜੀਂਦੀ ਦੂਰੀ ਬਣਾ ਕੇ ਰੱਖੀ ਗਈ। ਫਿਰ ਵੀ ਜੱਗੂ ਨੂੰ ਜ਼ਰੂਰੀ ਕੰਮ ਲਈ ਲਿਆਉਣ ਜਾਂ ਲਿਜਾਉਣ ਵਾਲੇ ਪੁਲਿਸ ਜਵਾਨਾਂ ਦੇ ਕੋਰੋਨਾ ਟੈੱਸਟ ਕਰਵਾਏ ਜਾ ਰਹੇ ਹਨ।