ਹਵਾਰਾ ਕਮੇਟੀ ਖੁਦ ਕਰਵਾਏਗੀ ਸ਼ਰਧਾਲੂਆਂ ਦੇ ਟੈਸਟ
ਨਿਊਯਾਰਕ, 5 ਮਈ, 2020 : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਮੀਡੀਆ ਵਿਚ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਲੈ ਕੇ ਸਿੱਖਾਂ ਬਾਰੇ ਕੀਤੇ ਜਾ ਰਹੇ ਪ੍ਰਚਾਰ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖ ਵਿਰੋਧੀ ਭਾਰਤੀ ਮੀਡੀਆ ਦਾ ਸਮੁੱਚੇ ਅਮਰੀਕਾ ਵਿਚ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਇਕ ਬਿਆਨ ਵਿਚ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਤੇ ਪ੍ਰੋ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਮੇਟੀ ਵੱਲੋਂ 117 ਅਮਰੀਕੀ ਗੁਰਦੁਆਰਿਆਂ ਦੀ ਕੀਤੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਜੋ ਚੈਨਲ ਸਿੱਖਾਂ ਖਿਲਾਫ ਜ਼ਹਿਰ ਉਗਲ ਰਹੇ ਹਨ, ਉਹਨਾਂ ਉਪਰ ਮਾਣਹਾਨੀ ਦੇ ਕੇਸ ਕੀਤੇ ਜਾਣਗੇ।
ਉਹਨਾਂ ਦੱਸਿਆ ਕਿ ਇਕ ਵੱਡਾ ਫੈਸਲਾ ਇਹ ਵੀ ਲਿਆ ਗਿਆ ਕਿ ਜਥੇਦਾਰ ਹਵਾਰਾ ਕਮੇਟੀ ਸ਼ਰਧਾਲੂਆਂ ਦੇ ਟੈਸਟ ਆਪ ਕਰੇਗੀ।
ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਭਾਰਤੀ ਡਿਪਲੋਮੈਟ ਤੇ ਭਾਰਤੀ ਸਰਕਾਰੀ ਨੁਮਾਇੰਦੇ ਜੋ ਪਹਿਲਾਂ ਤੋਂ ਹੀ ਬੈਨ ਹਨ, ਉਹਨਾਂ ਉਪਰ ਹੋਰ ਸ਼ਖਤੀ ਨਾਲ ਕਾਰਵਾਈ ਪਾਈ ਜਾਵੇਗੀ ਤੇ ਕੋਈ ਵੀ ਢਿੱਲ ਮੱਠ ਨਹੀਂ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੋ ਭਾਰਤੀ ਸਰਕਾਰੀ ਹਮਾਇਤੀ ਸਿੱਖਾਂ ਖਿਲਾਫ ਦਲੀਲਾਂ ਦੇ ਰਹੇ ਹਨ, ਉਹਨਾਂ ਦੀਆਂ ਲਿਸਟਾਂ ਤਿਆਰ ਕੀਤੀਆ ਜਾਣਗੀਆਂ ਤੇ ਸੰਗਤ ਵਿਚ ਨਸ਼ਰ ਕੀਤੀਆਂ ਜਾਣਗੀਆਂ।
ਕਮੇਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਭਾਰਤੀ ਮੀਡੀਆ ਚੈਨਲ ਸਿੱਖਾਂ ਤੇ ਮੁਸਲਮਾਨਾਂ ਬਾਰੇ ਤਾਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜੋ ਸ਼ਿਵ ਸੈਨਾ ਨੇ ਹੁੱਕਾ ਪਾਰਟੀ ਕੀਤੀ ਤੇ ਕੋਰੋਨਾ ਵਾਇਰਸ ਵੰਡਿਆ, ਉਸ ਬਾਰੇ ਕੋਈ ਖਬਰ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਭਾਰਤ ਵਿਚ ਮਰੀਜ਼ਾਂ ਦੀ ਗਿਣਤੀ 22 ਮਾਰਚ ਨੂੰ ਸਿਰਫ 396 ਸੀ ਜੋ ਅੱਜ 40 ਹਜ਼ਾਰ ਤੋਂ ਟੱਪ ਗਈ ਹੈ, ਇਸ ਲਈ ਕੌਣ ਜ਼ਿੰਮੇਵਾਰ ਹੈ ?