ਰਜਨੀਸ਼ ਸਰੀਨ
- ਕੋੋਰੋਨਾ ਤੋਂ ਨਹੀਂ ਢਹਿਣ ਵਾਲੇ
- ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਫ਼ਿਰ ਤੋਂ ਜੀਅ-ਜਾਨ ਨਾਲ ਕੋਵਿਡ ਮਰੀਜ਼ਾਂ ਦੀ ਸੇਵਾ ’ਚ ਜੁਟਿਆ
- ਸਵੇਰੇ 6 ਵਜੇ ਸਵੇਰ ਦੀ ਚਾਹ ਨਾਲ ਸ਼ੁਰੂ ਹੋਇਆ ਮਰੀਜ਼ਾਂ ਦਾ ਦਿਨ ਸ਼ਾਮ 8 ਵਜੇ ਰਾਤ ਦੇ ਖਾਣੇ ਨਾਲ ਹੁੰਦਾ ਹੈ ਮੁਕੰਮਲ
- ਸਰੀਰਕ ਕਸਰਤ ਨਾਲ ਤੇ ਮਿਊਜ਼ਿਕ ਸਿਸਟਮ ਨਾਲ ਹੱਸ-ਖੇਡ ਕੇ ਸਮਾਂ ਪਾਸ ਕਰ ਰਹੇ ਨੇ ਆਈਸੋਲੇਸ਼ਨ ’ਚ ਮਰੀਜ਼
ਨਵਾਂਸ਼ਹਿਰ, 6 ਮਈ 2020 - ਕੋਵਿਡ ਦੇ 18 ਮਰੀਜ਼ਾਂ ਨੂੰ ਆਪਣੇ ਸੇਵਾ-ਭਾਵ ਨਾਲ ਠੀਕ ਕਰਕੇ ਘਰ ਭੇਜਣ ਬਾਅਦ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦਾ ਸਟਾਫ਼ ਐਸ ਐਮ ਓ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਹੁਣ 67 ਮਰੀਜ਼ਾਂ ਦੀ ਸੇਵਾ ’ਚ ਫ਼ਿਰ ਤੋਂ ਜੀਅ-ਜਾਨ ਨਾਲ ਜੁਟ ਗਿਆ ਹੈ।
ਤਿੰਨ ਸ਼ਿਫ਼ਟਾਂ ’ਚ ਚੱਲ ਰਹੀ ਆਈਸੋਲੇਸ਼ਨ ਵਾਰਡ ਦੀ ਡਿਊਟੀ ’ਚ ਇੱਕ ਸ਼ਿਫ਼ਟ ’ਚ ਚਾਰ ਡਾਕਟਰ, ਅੱਠ ਨਰਸਾਂ ਅਤੇ ਚਾਰ ਦਰਜਾ ਚਾਰ ਤੇ ਸਫ਼ਾਈ ਸੇਵਕ ਆਪਣੇ ਇਨ੍ਹਾਂ ਨਵੇਂ ਮਹਿਮਾਨਾਂ ਦੀ ਸੇਵਾ ’ਚ ਲੱਗੇ ਹੋਏ ਹਨ।
ਆਈਸੋਲੇਸ਼ਨ ਵਾਰਡ ਦਾ ਮਾਹੌਲ ਏਨਾ ਰਮਣੀਕ ਬਣਿਆ ਹੋਇਆ ਹੈ ਕਿ ਨੌਜੁਆਨ ਸਵੇਰ ਸ਼ਾਮ ਸਰੀਰਕ ਕਸਰਤ ਅਤੇ ਮਹਿਲਾਵਾਂ ਪੂਜਾ-ਪਾਠ ’ਚ ਲੱਗੀਆਂ ਰਹਿੰਦੀਆਂ ਹਨ। ਸਾਰੇ ਮਰੀਜ਼ ਬਾਹਰਲੇ ਕਿਸੇ ਵੀ ਤਰ੍ਹਾਂ ਦੇ ਰਾਮ-ਰੌਲੇ ਤੋਂ ਮੁਕਤ ਆਪੋ-ਆਪਣੇ ਢੰਗ ਨਾਲ ਕੋਵਿਡ ’ਤੇ ਕਾਬੂ ਪਾਉਣ ਲੱਗੇ ਹੋਏ ਹਨ।
ਡਾ. ਹਰਵਿੰਦਰ ਸਿੰਘ ਅਨੁਸਾਰ ਇਨ੍ਹਾਂ ਮਰੀਜ਼ਾਂ ਦੀ ਸਵੇਰ 6 ਵਜੇ ਦੀ ਚਾਹ ਨਾਲ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ 8 ਵਜੇ ਬ੍ਰੇਕ ਫ਼ਾਸਟ ਆ ਜਾਂਦਾ ਹੈ। ਫ਼ਿਰ 10 ਵਜੇ ਫ਼ਰੂਟ ਦਿੱਤਾ ਜਾਂਦਾ ਹੈ। ਦੁਪਹਿਰ ਇੱਕ ਵਜੇ ਦੁਪਹਿਰ ਦਾ ਖਾਣਾ ਤੇ ਸ਼ਾਮ 4 ਵਜੇ ਚਾਹ ਆ ਜਾਂਦੀ ਹੈ। ਰਾਤ 8 ਵਜੇ ਦਾਲ-ਸਬਜ਼ੀ ਦੇ ਨਾਲ ਮਿੱਠੀ ਚੀਜ਼ ਵੀ ਰੋਜ਼ਾਨਾ ਮੁਹੱਈਆ ਕਰਵਾਈ ਜਾਂਦੀ ਹੈ।
ਮਰੀਜ਼ਾਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੰਦਿਆਂ ਉਹ ਦੱਸਦੇ ਹਨ ਕਿ ਹਰੇਕ ਨੂੰ ਮੋਬਾਇਲ ਵਰਤਣ ਦੀ ਆਗਿਆ ਦਿੱਤੀ ਹੋਈ ਹੈ। ਇਸੇ ’ਤੇ ਵੀਡਿਓ ਕਾਲਿੰਗ ਕਰਕੇ, ਹਸਪਤਾਲ ਦੇ ਕੌਂਸਲਰ ਉਨ੍ਹਾਂ ਦੀ ਕੌਂਸਲਿੰਗ ਕਰਦੇ ਹਨ। ਵਾਰਡ ’ਚ ਹਸਪਤਾਲ ਵੱਲੋਂ ਮਿਊਜ਼ਿਕ ਸਿਸਟਮ ਰੱਖਿਆ ਗਿਆ ਹੈ ਜਿਸ ’ਤੇ ਸਵੇਰੇ ਸ਼ਾਮ ਭਜਨ ਤੇ ਗੁਰਬਾਣੀ ਅਤੇ ਦਿਨੇ ਗੀਤ ਚਲਦੇ ਹਨ। ਆਈਸੋਲੇਸ਼ਨ ’ਚ ਰਹਿਣ ਵਾਲਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਕਿ ਉਹ ਆਪਣੇ ਮੋਬਾਇਲ ਨੂੰ ਬਲਿਊਟੁੱਥ ਦੀ ਮੱਦਦ ਨਾਲ ਮਿੳੂਜ਼ਿਕ ਸਿਸਟਮ ਨਾਲ ਜੋੜ ਕੇ ਆਪਣਾ ਮਨ ਪ੍ਰਚਾਵਾਂ ਕਰਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ’ਚ ਤਿੰਨ ਡਾਇਬਟੀਕ ਵੀ ਹਨ, ਜਿਨ੍ਹਾਂ ਲਈ ਵੱਖਰਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਸ਼ੂਗਰ ਨੂੰ ਨਿਯਮਿਤ ਰੱਖਣ ਲਈ ਬਾਕਾਇਦਾ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਦੂਸਰੇ ਮਰੀਜ਼ਾਂ ਨੂੰ ਸਵੇਰ-ਸ਼ਾਮ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਬੁਖਾਰ, ਦਿਲ ਦੀ ਧੜਕਣ ਅਤੇ ਰਕਤ ਚਾਪ ਬਾਕਾਇਦਾ ਮਾਪਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਆਈਸੋਲੇਸ਼ਨ ਵਾਰਡ ਮਰੀਜ਼ਾਂ ਦਾ ਵਾਰਡ ਨਾ ਹੋ ਕੇ ਇੱਕ ਰਮਣੀਕ ਸਥਾਨ ਬਣਿਆ ਹੋਇਆ ਹੈ ਜਿੱਥੇ ਇਨ੍ਹਾਂ ਮਰੀਜ਼ਾਂ ਨੂੰ ਕੋਵਿਡ ਪ੍ਰੋਟੋਕਾਲ ਦਾ ਖਿਆਲ ਰੱਖਦਿਆਂ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਗਈ ਹੈ ਤਾਂ ਜੋ ਇਹ ਮਰੀਜ਼ ਆਈਸੋਲੇਸ਼ਨ ਵਾਰਡ ’ਚ ਕਿਸੇ ਵੀ ਤਰ੍ਹਾਂ ਦੀ ਇਕੱਲਤਾ ਅਤੇ ਤੰਗੀ ਮਹਿਸੂਸ ਨਾ ਕਰਨ।
ਐਸ ਐਮ ਓ ਅਨੁਸਾਰ ਇਨ੍ਹਾਂ ਸਾਰੇ ਮਰੀਜ਼ਾਂ ਦੀ ਰੋਜ਼ਾਨਾ ਸਿਹਤ ਜਾਂਚ ਦੇ ਆਧਾਰ ’ਤੇ ਹੁਣ ਤੱਕ ਸਾਰੇ ਹੀ ਪੂਰੇ ਹੌਂਸਲੇ ’ਚ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ਨੂੰ ਹਰ ਦੋ-ਦੋ ਘੰਟੇ ਬਾਅਦ ਜਿੱਥੇ ਸੈਨੇਟਾਈਜ਼ ਕੀਤਾ ਜਾਂਦਾ ਹੈ ਉੱਥੇ ਗੁਸਲਖਾਨਿਆ ਦੀ ਵੀ ਨਿਰੰਤਰ ਸਫ਼ਾਈ ਰੱਖੀ ਜਾ ਰਹੀ ਹੈ।