ਹਰਦਮ ਮਾਨ
ਸਰੀ, 7 ਮਈ 2020 - ਬੀਸੀ ਵਿਚ ਕੋਵਿਡ-19 ਮਹਾਂਮਾਰੀ ਦਾ ਕਹਿਰ ਪਿਛਲੇ ਦਿਨਾਂ ਦੌਰਾਨ ਕਾਫੀ ਘਟ ਗਿਆ ਹੈ ਅਤੇ ਇਸ ਲਈ ਸਰਕਾਰ ਵੱਲੋਂ ਅਗਲੇ ਦਿਨਾਂ ਵਿਚ ਬੀਸੀ ਵਾਸੀਆਂ ਲਈ ਘਰਾਂ ਵਿੱਚੋਂ ਬਾਹਰ ਨਿਕਲਣ ਅਤੇ ਕੁਝ ਕਾਰੋਬਾਰ ਸ਼ੁਰੂ ਕਰਨ ਲਈ ਕੁਝ ਢਿੱਲ ਦਿੱਤੀ ਜਾ ਰਹੀ ਹੈ।
ਬੀਸੀ ਦੇ ਪ੍ਰੀਮੀਅਰ ਜੋਹਨ ਹੌਰਗਨ, ਸਿਹਤ ਮੰਤਰੀ ਡਿਕਸ ਅਤੇ ਸੂਬਾਈ ਮੈਡੀਕਲ ਅਫਸਰ ਡਾ. ਬੋਨੀ ਹੈਨਰੀ ਨੇ ਸਾਂਝੀ ਪ੍ਰੈਸ ਦੌਰਾਨ ਕਿਹਾ ਕਿ ਅਗਲੇ ਹਫਤੇ ਵਿਕਟੋਰੀਆ ਡੇ ‘ਤੇ ਆ ਰਹੇ ਲੌਂਗ ਵੀਕ-ਇੰਡ ਉਪਰ ਲੋਕ ਛੋਟੀਆਂ ਡਿਨਰ ਪਾਰਟੀਆਂ ਕਰ ਸਕਣਗੇ, ਆਪਣੇ ਬੈਕ-ਯਾਰਡ ਵਿਚ ਬਾਰਬਿਕਿਯੂ ਕਰ ਸਕਣਗੇ ਅਤੇ ਪਰਿਵਾਰ, ਯਾਰਾਂ ਦੋਸਤਾਂ ਨਾਲ ਮਿਲ ਬੈਠ ਸਕਣਗੇ।
ਬੀ.ਸੀ. ਅਧਿਕਾਰੀਆਂ ਨੇ ਕਿਹਾ ਕਿ ਅਗਲੇ ਹਫਤੇ ਤੋਂ ਛੇ ਬੰਦੇ ਇਕੱਠੇ ਹੋ ਸਕਣਗੇ ਬਸ਼ਰਤੇ ਕਿ ਉਨ੍ਹਾਂ ਵਿਚ ਕਿਸੇ ਨੂੰ ਕੋਵਿਡ -19 ਦਾ ਕੋਈ ਲੱਛਣ ਨਾ ਹੋਵੇ। ਪ੍ਰਚੂਨ ਸਟੋਰ, ਹੇਅਰ ਸੈਲੂਨ, ਬੱਚਿਆਂ ਦੀ ਦੇਖਭਾਲ, ਰੈਸਟੋਰੈਂਟ, ਲਾਇਬ੍ਰੇਰੀਆਂ ਅਤੇ ਅਜਾਇਬ ਘਰ ਵੀ ਜਲਦੀ ਹੀ ਖੁੱਲ੍ਹ ਸਕਦੇ ਹਨ। ਅੱਧ ਮਈ ਤੱਕ ਚੋਣਵੀਆਂ ਸਰਜਰੀਆਂ, ਡੈਂਟਲ ਸੇਵਾਵਾਂ ਅਤੇ ਫਿਜ਼ੀਓਥੈਰੇਪੀ ਕੇਂਦਰ ਦੁਬਾਰਾ ਸ਼ੁਰੂ ਹੋ ਸਕਦੇ ਹਨ। ਸੂਬਾਈ ਪਾਰਕ ਵੀ 14 ਮਈ ਨੂੰ ਦਿਨ ਸਮੇਂ ਵਰਤੋਂ ਲਈ ਖੁੱਲ੍ਹਣ ਦੀ ਉਮੀਦ ਹੈ। ਹੋਟਲ, ਸਿਨੇਮਾਘਰ ਅਤੇ ਫਿਲਮ ਉਦਯੋਗ ਸਰਗਰਮੀਆਂ ਗਰਮੀਆਂ ਵਿੱਚ ਦੁਬਾਰਾ ਖੁੱਲ੍ਹ ਸਕਦੇ ਹਨ। ਹੋਟਲ ਜੂਨ ਵਿੱਚ, ਸਕੂਲ ਸਤੰਬਰ ਵਿਚ ਖੁੱਲ੍ਹਣ ਦੀ ਆਸ ਹੈ। ਨਾਈਟ ਕਲੱਬ, ਬਾਰ ਅਤੇ ਕੈਸੀਨੋ ਦੇ ਦੁਬਾਰਾ ਖੁੱਲ੍ਹਣ ਦੀ ਛੇਤੀ ਕੋਈ ਉਮੀਦ ਨਹੀਂ ਕਰਨੀ ਚਾਹੀਦੀ। 50 ਤੋਂ ਵੱਧ ਲੋਕਾਂ ਦੇ ਇਕੱਠ ਕਰਨ 'ਤੇ ਪਾਬੰਦੀ ਅਜੇ ਲਾਗੂ ਰਹੇਗੀ।
ਇਹ ਵੀ ਕਿਹਾ ਗਿਆ ਹੈ ਕਿ ਇਹ ਸਾਰੀਆਂ ਸੇਵਾਵਾਂ, ਕਾਰੋਬਾਰਾਂ ਦਾ ਮੁੜ ਖੁੱਲ੍ਹਣਾ ਆਉਣ ਵਾਲੇ ਦਿਨਾਂ ਵਿਚ ਕੋਵਿਡ-19 ਦੇ ਸੰਚਾਰ ਤੋਂ ਬਚਣ ਲਈ ਵਿਸਤ੍ਰਿਤ ਯੋਜਨਾਵਾਂ 'ਤੇ ਨਿਰਭਰ ਕਰੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com