ਫ਼ਿਰੋਜ਼ਪੁਰ 8 ਮਈ 2020 : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਹਰਾਜ਼ ਵਿਖੇ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਕੋਰੋਨਾ ਟੈਸਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਮੌਕੇ ਐੱਸ.ਐੱਮ.ਓ ਫ਼ਿਰੋਜ਼ਸ਼ਾਹ ਵਨੀਤਾ ਭੁੱਲਰ ਦੀ ਰਹਿਨੁਮਾਈ ਹੇਠ ਮੈਡੀਕਲ ਟੀਮ ਵੱਲੋਂ ਪਿੰਡ ਮਿਸ਼ਰੀ ਵਾਲਾ, ਬਸਤੀ ਝੱਲ ਵਾਲੀ, ਹਰਾਜ, ਤਲਵੰਡੀ ਭਾਈ, ਆਲੇ ਵਾਲਾ, ਗੱਜਣ ਸਿੰਘ, ਵਾੜਾ ਜਵਾਹਰ ਸਿੰਘ ਵਾਲਾ, ਠੇਠਰ ਕਲਾਂ, ਬਧਨੀ ਗੁਲਾਬ ਸਿੰਘ, ਚੰਦੜ, ਮਾਛੀਬੁਗਰਾ ਨਾਲ ਸਬੰਧਿਤ ਕੋਆਰਨਟਾਈਨ ਕੀਤੇ 57 ਵਿਅਕਤੀਆਂ ਦੀ ਪਿੰਡ ਹਰਾਜ ਵਿਖੇ ਟੈਸਟਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਸ੍ਰੀ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੋਆਰਨਟਾਈਨ ਕੀਤੇ ਗਏ ਵਿਅਕਤੀਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਬਣਾਏ ਗਏ ਕੋਆਰਨਟਾਈਨ ਸੈਂਟਰਾਂ ਵਿੱਚ ਵਿਅਕਤੀਆਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਰੋਜ਼ਾਨਾ ਪਿੰਡਾਂ ਅੰਦਰ ਪਿੰਡ ਵਾਈਜ਼ ਟੈਸਟਿੰਗ ਕੀਤੀ ਜਾਵੇਗੀ। ਇਸ ਮੌਕੇ ਥਾਣਾ ਤਲਵੰਡੀ ਭਾਈ ਦੇ ਮੁੱਖੀ ਹਰਦੇਵ ਪ੍ਰੀਤ ਸਿੰਘ, ਮਨੋਹਰ ਲਾਲ ਰੀਡਰ ਆਦਿ ਵੀ ਹਾਜ਼ਰ ਸਨ।