ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 9 ਮਈ 2020 - ਨਿਊਜ਼ੀਲੈਂਡ ਵਿੱਚ ਅੱਜ ਕੋਵਿਡ-19 ਦੇ ਚਲਦਿਆਂ 2 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇੱਕ ਦੀ ਪੁਸ਼ਟੀ ਹੋਈ ਅਤੇ ਇੱਕ ਸੰਭਾਵਿਤ ਕੇਸ ਹੈ। ਮਨਿਸਟਰੀ ਆਫ਼ ਹੈਲਥ ਨੇ ਦੁਪਹਿਰ 1.00 ਵਜੇ ਅੱਪਡੇਟ ਕਰਦਿਆਂ ਕਿਹਾ ਕਿ ਦੋਵੇਂ ਆਕਲੈਂਡ ਦੇ ਸੈਂਟ ਮਾਰਗਰੇਟ ਹਸਪਤਾਲ ਅਤੇ ਰੈਸਟ ਹੋਮ ਨਾਲ ਜੁੜੇ ਹੋਏ ਕੇਸ ਸਨ। ਸੰਭਾਵਿਤ ਕੇਸ ਇੱਕ ਨਰਸ ਦਾ ਹੈ, ਜਦੋਂ ਕਿ ਪੁਸ਼ਟੀ ਕੀਤਾ ਗਿਆ ਕੇਸ ਇੱਕ ਘਰੇਲੂ ਸੰਪਰਕ ਹੈ। ਨਰਸ ਵੇਟਾਕੇਅਰ ਹਸਪਤਾਲ ਵਿੱਚ ਰੈਸਟ ਹੋਮ ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਸੀ, ਜਿੱਥੇ ਪ੍ਰਭਾਵਿਤ ਖੇਤਰ ਹੋਰ ਦਾਖ਼ਲੇ ਲਈ ਬੰਦ ਹੈ।
ਨਿਊਜ਼ੀਲੈਂਡ ਦੇ ਪੁਸ਼ਟੀ ਕੀਤੇ ਅਤੇ ਸੰਭਾਵਿਤ ਕਰੋਨਾ ਕੇਸਾਂ ਦੀ ਕੁੱਲ ਗਿਣਤੀ ਹੁਣ 1492 ਹੋ ਗਈ ਹੈ। ਜਿਨ੍ਹਾਂ ਵਿਚੋਂ 1141 ਪੁਸ਼ਟੀ ਕੀਤੇ ਹੋਏ ਕੇਸ ਹਨ ਅਤੇ 351 ਸੰਭਾਵਿਤ ਕੇਸ ਹਨ। ਕੋਵਿਡ -19 ਤੋਂ 1368 ਵਿਅਕਤੀ ਠੀਕ ਹੋਏ ਹਨ, ਜਿਨ੍ਹਾਂ 'ਚ 92% ਕਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਹਸਪਤਾਲ ਵਿੱਚ 2 ਲੋਕ ਹਨ (ਇੱਕ ਮਿਡਲਮੋਰ ਅਤੇ ਇੱਕ ਨਾਰਥ ਸ਼ੋਰ ਵਿਖੇ) ਅਤੇ ਕੋਈ ਵੀ ਆਈ.ਸੀ.ਯੂ ਵਿੱਚ ਇਸ ਵੇਲੇ ਨਹੀਂ ਹੈ। ਕੋਵਿਡ-19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ। 16 ਮਹੱਤਵਪੂਰਨ ਕਲੱਸਟਰ ਵਿਚੋਂ ਹੁਣ 4 ਬੰਦ ਹੋ ਗਏ ਹਨ। ਦੇਸ਼ 'ਚ ਕੋਵਿਡ -19 ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੀ ਹੈ, ਹੋਰ ਕੋਈ ਵੀ ਵਾਧੂ ਮੌਤ ਨਹੀਂ ਹੋਈ ਹੈ।
ਸ਼ੁੱਕਰਵਾਰ ਨੂੰ 7204 ਟੈੱਸਟਾਂ ਪੂਰੇ ਕੀਤੇ ਗਏ ਜਦੋਂ ਕਿ ਹੁਣ ਤੱਕ ਮੁਕੰਮਲ ਹੋਏ ਕੁੱਲ ਟੈੱਸਟਾਂ ਦੀ ਗਿਣਤੀ 183,039 ਹੋ ਗਈ ਹੈ। ਇਹ ਆਬਾਦੀ ਦਾ 3.5% ਸੀ ਅਤੇ ਨਿਊਜ਼ੀਲੈਂਡ ਨੂੰ ਟੈੱਸਟ ਲਈ ਪ੍ਰਤੀ ਵਿਅਕਤੀ ਸਿਖਰਲੇ 20 ਦੇਸ਼ਾਂ ਵਿੱਚ ਰੱਖਿਆ ਗਿਆ ਹੈ। ਕੈਬਨਿਟ ਨੇ 11 ਮਈ ਦਿਨ ਸੋਮਵਾਰ ਨੂੰ ਇਹ ਫ਼ੈਸਲਾ ਕਰਨਾ ਹੈ ਕਿ ਕੀ ਦੇਸ਼ ਹੇਠਾਂ ਲੈਵਲ 2 'ਤੇ ਆ ਸਕਦਾ ਹੈ ਕਿ ਨਹੀਂ? ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸੰਕੇਤ ਦਿੱਤਾ ਹੈ ਕਿ ਲੈਵਲ 2 'ਤੇ 48 ਘੰਟੇ ਦਾ ਲੀਡ-ਇਨ ਸਮਾਂ ਹੋਵੇਗਾ, ਜੇ ਨਿਊਜ਼ੀਲੈਂਡ ਸੋਮਵਾਰ ਨੂੰ ਇਸ 'ਤੇ ਜਾਣ ਦਾ ਫ਼ੈਸਲਾ ਕਰਦਾ ਹੈ। ਜਿਸ ਦਾ ਅਰਥ ਹੈ ਕਿ ਜਲਦੀ ਤੋਂ ਜਲਦੀ ਨਿਊਜ਼ੀਲੈਂਡ ਲੈਵਲ 2 ਨੂੰ ਵੇਖ ਸਕਦਾ ਹੈ, ਬੁੱਧਵਾਰ ਦੀ ਅੱਧੀ ਰਾਤ ਹੋਵੇਗੀ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 39 ਲੱਕ 37 ਹਜ਼ਾਰ 078 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 2 ਲੱਖ 76 ਹਜ਼ਾਰ 847 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 12 ਲੱਖ 88 ਹਜ਼ਾਰ 565 ਹੈ।