ਹਰਦਮ ਮਾਨ
ਸਰੀ, 9 ਮਈ 2020 - ਕੋਵਿਡ -19 ਨੇ ਕੈਨੇਡਾ ਦੀ ਆਰਥਿਕਤਾ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਸਿਰਫ ਅਪ੍ਰੈਲ ਮਹੀਨੇ ਦੌਰਾਨ ਹੀ ਕੈਨੇਡਾ ਭਰ ਵਿਚ ਤਕਰੀਬਨ 20 ਲੱਖ ਕਾਮਿਆਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ। ਜਿਸ ਦਾ ਅਰਥ ਹੈ ਕਿ ਮਹਾਂਮਾਰੀ ਦੇ ਕਹਿਰ ਕਾਰਨ ਬੇਰੁਜ਼ਗਾਰੀ ਦੀ ਦਰ 13.1% ਹੋ ਗਈ ਹੈ ਜੋ ਕਿ ਮਾਰਚ ਵਿਚ ਇਹ 7.8 ਪ੍ਰਤੀਸ਼ਤ ਸੀ। ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸ ਦੇ ਇਕ ਸਰਵੇਖਣ ਅਨੁਸਾਰ ਕੋਵਿਡ -19 ਦੌਰਾਨ ਬੇਰੁਜ਼ਗਾਰ ਹੋਏ ਵਰਕਰਾਂ ਦੀ ਕੁੱਲ ਸੰਖਿਆ 30 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ।
ਬੀਐਮਓ ਇਕਨਾਮਿਕਸ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਹੈ ਕਿ ਆਪਣਾ ਰੁਜ਼ਗਾਰ ਗੁਆਉਣ ਵਾਲੇ ਕਾਮਿਆਂ ਦੀ ਗਿਣਤੀ ਇਨ੍ਹਾਂ ਤੱਥਾਂ ਤੋਂ ਵੀ ਜ਼ਾਹਰ ਹੈ ਕਿ 7 ਮਿਲੀਅਨ ਤੋਂ ਵੱਧ ਲੋਕਾਂ ਨੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ (ਸੀਈਆਰਬੀ) ਲੈਣ ਲਈ ਅਰਜ਼ੀਆਂ ਦਿੱਤੀਆਂ ਸਨ।
ਇਸ ਸੰਕਟ ਕਾਲ ਵਿਚ ਸਿਰਫ ਨੌਕਰੀਆਂ ਹੀ ਨਹੀਂ ਘਟੀਆਂ ਸਗੋਂ ਜਿਹੜੇ ਕਾਰੋਬਾਰ ਚੱਲ ਰਹੇ ਹਨ ਉਨ੍ਹਾਂ ਵਿਚ ਵੀ ਅਪਰੈਲ ਮਹੀਨੇ ਦੌਰਾਨ ਲਗਭਗ 40 ਪ੍ਰਤੀਸ਼ਤ ਕਾਮਿਆਂ ਨੂੰ ਆਪਣੇ ਆਮ ਘੰਟਿਆਂ ਨਾਲੋਂ ਅੱਧੇ ਤੋਂ ਵੀ ਘੱਟ ਘੰਟੇ ਕੰਮ ਮਿਲਿਆ। ਸਟੈਟਸਕੈਨ ਅਨੁਸਾਰ ਫਰਵਰੀ ਵਿਚ ਇਹ ਅੰਕੜਾ 11.3 ਪ੍ਰਤੀਸ਼ਤ ਸੀ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਜਜ਼ ਦੇ ਅਰਥ ਸ਼ਾਸਤਰੀ ਡੇਵਿਡ ਮੈਕਡੋਨਲਡ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮਈ ਵਿਚ ਘੱਟੋ-ਘੱਟ 10 ਲੱਖ ਹੋਰ ਲੋਕਾਂ ਦੀਆਂ ਨੌਕਰੀਆਂ ਖੁੱਸ ਜਾਣਗੀਆਂ।
ਬੇਰੁਜ਼ਗਾਰੀ ਦੀ ਸਭ ਤੋਂ ਵੱਧ ਮਾਰ ਛੋਟੀਆਂ ਕੰਪਨੀਆਂ (ਜਿਨ੍ਹਾਂ ਵਿਚ 20 ਤੋਂ ਘੱਟ ਕਰਮਚਾਰੀ ਸਨ) ਦੇ ਵਰਕਰਾਂ ਨੂੰ ਸਹਿਣੀ ਪਈ ਹੈ, ਜਿਨ੍ਹਾਂ ਦੀ ਗਿਣਤੀ 30.8 ਪ੍ਰਤੀਸ਼ਤ ਹੈ, ਦਰਮਿਆਨੇ ਆਕਾਰ ਦੀਆਂ ਫਰਮਾਂ ਨੇ 25.1 ਪ੍ਰਤੀਸ਼ਤ ਕਾਮਿਆਂ ਨੂੰ ਨੌਕਰੀ ਤੋਂ ਵਿਹਲਾ ਕੀਤਾ ਹੈ ਅਤੇ ਵੱਡੀਆਂ ਕੰਪਨੀਆਂ ਦੀ ਰੁਜ਼ਗਾਰ ਦਰ ਵਿਚ 12.6% ਦੀ ਗਿਰਾਵਟ ਵੇਖੀ ਗਈ ਹੈ।
ਸਟੈਟਿਸਟਿਕਸ ਕੈਨੇਡਾ ਅਨੁਸਾਰ ਪ੍ਰਚੂਨ ਕਾਰੋਬਾਰ, ਹੋਟਲ, ਰੈਸਟੋਰੈਂਟ, ਬੈਂਕੁਇਟ ਹਾਲ ਅਤੇ ਬਾਰ ਇਸ ਸਮੇਂ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਰਵਿਸ ਖੇਤਰ ਵਿਚ ਵੀ ਇਸ ਦੀ ਮਾਰ ਤੋਂ ਨਹੀਂ ਬਚਿਆ ਜਿੱਥੇ ਅਪ੍ਰੈਲ ਮਹੀਨੇ ਵਿੱਚ 1.4 ਮਿਲੀਅਨ ਨੌਕਰੀਆਂ ਘਟੀਆਂ ਹਨ। ਕੰਸਟਰੱਕਸ਼ਨ ਅਤੇ ਨਿਰਮਾਣ ਵਰਗੇ ਸੈਕਟਰਾਂ ਵਿਚ ਵੀ ਰੁਜ਼ਗਾਰ ਦੀ ਦਰ ਵਿਚ 15,8% ਦੀ ਗਿਰਾਵਟ ਆਈ ਹੈ ਅਤੇ 621,000 ਲੋਕ ਨੌਕਰੀਆਂ ਤੋਂ ਹੱਥ ਧੋ ਬੈਠੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com