- ਹੁਣ ਤੱਕ ਲੱਭੇ ਜਾ ਚੁੱਕੇ ਹਨ 99.9 ਫੀਸਦੀ ਸੰਪਰਕ
- ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਿਹਤ ਸੇਵਵਾਂ ਯਕੀਨੀ ਬਣਾਉਣ ਲਈ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ
ਚੰਡੀਗੜ੍ਹ, 9 ਮਈ 2020 - ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਵਿਡ 19 ਮਰੀਜ਼ਾਂ ਦੇ ਵੱਧ ਤੇ ਘੱਟ ਖ਼ਤਰੇ ਵਾਲੇ ਸੰਪਰਕਾਂ ਨੂੰ ਤਲਾਸ਼ਣ ਪੂਰੇ ਸੂਬੇ ਵਿਚ ਲਈ ਜੰਗੀ ਪੱਧਰ ਤੇ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ ਅਤੇ ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਜਲਦ ਆਪ੍ਰੇਸ਼ਨ ਫਤਿਹ ਨੂੰ ਹਾਸਲ ਕਰੇਗੀ।
ਇਥੇ ਜਾਰੀ ਪ੍ਰੈਸ ਬਿਆਨ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਕੋਵਿਡ 19 ਦੇ 1762 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਮੌਜੂਦਾ ਸਮੇਂ ਵਿਚ 1574 ਐਕਟਿਵ ਮਾਮਲਿਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਉਜਾਗਰ ਕਦਿਆਂ ਦੱਸਿਆ ਕਿ ਕੋਵਿਡ 19 ਤੋਂ ਪ੍ਰਭਾਵਿਤ ਮਰੀਜ਼ਾਂ ਦੇ ਸੰਪਕਰ ਵਿਚ ਆਏ 11056 ਵਿਅਕਤੀਆਂ ਦੀ ਸ਼ਨਾਖਤ ਵਿਭਾਗ ਵਲੋਂ ਹੀ ਕੀਤੀ ਜਾ ਚੁੱਕੀ ਹੈ ਜੋ ਕਿ 99.9 ਫੀਸਦ ਬਣਦਾ ਹੈ।
ਉਨ੍ਹਾਂ ਕਿਹਾ ਕਿ ਹਰ ਸ਼ੱਕੀ ਵਿਅਕਤੀਆਂ ਨੂੰ ਲੱਭਣ ਲਈ ਸਿਹਤ ਵਿਭਾਗ ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਨੂੰ ਬਿਨਾਂ ਕਿਸੇ ਦੇਰੀ ਨਾਲ ਇਲਾਜ ਅਤੇ ਟੈਸਟਿੰਗ ਪ੍ਰਕਿਰਿਆ ਅਧੀਨ ਲਿਆਂਦਾ ਜਾ ਸਕੇ।ਉਨਾਂ ਕੰਟੈਕਟ ਟ੍ਰੇਸਿੰਗ ਰਿਪੋਰਟ ਬਾਰੇ ਕਿਹਾ ਕਿ 49.5 ਫੀਸਦ (5487) ਸੰਪਰਕ ਵਧ ਖਤਰੇ ਵਾਲੇ ਹਨ ਅਤੇ 50.5 ਫੀਸਦ(5591) ਸੰਪਰਕ ਘੱਟ ਖਤਰੇ ਵਾਲੇ ਹਨ।ਉਨ੍ਹਾਂ ਕਿਹਾ ਕਿ 3.1 ਫੀਸਦ (340) ਸੰਪਰਕ ਵਿਚ ਆਏ ਵਿਅਕਤੀਆਂ ਨੂੰ ਹਸਪਤਾਲਾਂ ਵਿਚ ਦਾਖਲ ਕੀਤਾ ਗਿਆ, 82.9 ਫੀਸਦ (9181) ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਹੁਣ ਤੱਕ 14 ਫੀਸਦ(1555)ਸੰਪਰਕ ਵਿਚ ਆਏ ਵਿਅਕਤੀਆਂ ਨੇ ਆਪਣਾ ਇਕਾਂਵਾਸ ਦਾ ਸਮਾਂ ਪੂਰਾ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਸੰਪਰਕ ਵਿਚ ਆਏ 11056 ਵਿਅਕਤੀਆਂ ਵਿਚੋਂ 1.2 ਫੀਸਦ (128) ਵਿਚ ਕੋਰੋਨਾ ਦੇ ਲੱਛਣ ਪਾਏ ਗਏ (74 ਵਧ ਖਤਰੇ ਵਾਲੇ 54 ਘਟ ਖਤਰੇ ਵਾਲੇ)ਸਨ। 63.1 ਫੀਸਦ (6972) ਦੇ ਸੈਂਪਲ ਲਏ ਗਏ ਹਨ ਜਿਨਾ ਵਿਚੋਂ 3.4 ਫੀਸਦ (380) ਕੋਰੋਨਾ ਤੋਂ ਪ੍ਰਭਾਵਿਤ ਅਤੇ 44.1 ਫੀਸਦ(4873) ਨੈਗਟਿਵ ਪਾਏ ਗਏ ।
ਸਿਹਤ ਮੰਤਰੀ ਨੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਸ ਲੜਾਈ ਵਿਚ ਫਰੰਟ ਲਾਈਨ `ਤੇ ਲਗਾਤਾਰ ਯੋਧਿਆਂ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ ਅਤੇ ਮਰੀਜ਼ਾਂ ਨੂੰ ਨਿਰੰਤਰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ ਭਾਵੇਂ ਉਹ ਇਕਾਂਤਵਾਸ ਕੇਂਦਰਾਂ ਵਿਚ ਹੋਣ ਜਾਂ ਵਿਚ ਕੁਆਰੰਟੀਨ ਸੈਂਟਰ ਵਿਚ। ਉਨ੍ਹਾਂ ਕਿਹਾ ਕਿ ਹੁਣ ਸਾਰੇ ਜਿ਼ਲ੍ਹਿਆਂ ਵਿੱਚ ਬਲਾਕ ਪੱਧਰ ’ਤੇ ਕੁਆਰੰਟੀਨ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਨੇੜੇ ਨਿਗਰਾਨੀ ਹੇਠ ਰੱਖਿਆ ਜਾ ਸਕੇ।
ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਤੋਂ ਇਲਾਵਾ ਪ੍ਰਾਈਵੇਟ ਸਿਹਤ ਕੇਂਦਰਾਂ ਵਿਚ ਕੋਵਿਡ ਅਤੇ ਹੋਰ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।