ਸੰਜੀਵ ਸੂਦ
- ਕੈਪਟਨ ਦੇ ਸ਼ਰਾਬ ਦੀ ਡਲੀਵਰੀ ਫੈਸਲੇ ਦਾ ਕੀਤਾ ਵਿਰੋਧ।
ਲੁਧਿਆਣਾ, 10 ਮਈ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸ਼ਰਾਬ ਦੀ ਘਰ-ਘਰ ਤੱਕ ਪਹੁੰਚ ਕਰਵਾਉਣ ਲਈ ਕਾਹਲੇ ਨੇ ਉੱਥੇ ਹੀ ਲਗਾਤਾਰ ਇਸ ਫੈਸਲੇ ਦਾ ਵਿਰੋਧ ਵੀ ਹੋ ਰਿਹਾ ਹੈ, ਪਹਿਲਾਂ ਅਕਾਲੀ ਦਲ ਫਿਰ ਕਾਂਗਰਸ ਦੇ ਹੀ ਕੁਝ ਆਗੂ ਅਤੇ ਹੁਣ ਲੋਕ ਇਨਸਾਫ ਪਾਰਟੀ ਵੱਲੋਂ ਨੌਜਵਾਨਾਂ ਨਾਲ ਇਕੱਠੇ ਹੋ ਕੇ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਸ਼ਰਾਬ ਦੇ ਠੇਕੇ ਬਾਹਰ ਓਪਨ ਜਿੰਮ ਖੋਲ੍ਹਕੇ ਇਸ ਦਾ ਵਿਰੋਧ ਕੀਤਾ ਗਿਆ ਹੈ।
ਸ਼ਰਾਬ ਦੇ ਠੇਕੇ ਬਾਹਰ ਖੁੱਲ੍ਹੇ ਓਪਨ ਜਿੰਮ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਪਹੁੰਚੇ ਅਤੇ ਉਨ੍ਹਾਂ ਨੇ ਵੇਟਲਿਫਟਿੰਗ ਬਾਡੀ ਬਿਲਡਿੰਗ ਕੀਤੀ ਅਤੇ ਸਰਕਾਰ ਨੂੰ ਜਿੰਮ ਖੋਲ੍ਹਣ ਦੀ ਅਪੀਲ ਕੀਤੀ, ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਸੰਨੀ ਕੈਂਥ ਨੇ ਕਿਹਾ ਕਿ ਸਿਰਫ ਸ਼ਰਾਬ ਨਾਲ ਹੀ ਕੀ ਸਰਕਾਰ ਦਾ ਰੈਵੀਨਿਊ ਵੱਧਦਾ ਹੈ, ਉਨ੍ਹਾਂ ਕਿਹਾ ਕਿ ਇਸ ਨਾਲ ਘਰੇਲੂ ਹਿੰਸਾ ਵਧੇਗੀ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ।
ਉਧਰ ਦੂਜੇ ਪਾਸੇ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਚੁੱਕੇ ਅਵਤਾਰ ਸਿੰਘ ਲਲਤੋਂ ਅਤੇ ਵੈਕੀ ਨੇ ਵੀ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ, ਅਤੇ ਕਿਹਾ ਕਿ ਹੁਣ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀ ਤਾਂ ਜੋ ਉਹ ਕਰੋੜਾਂ ਵਰਗੀ ਬਿਮਾਰੀ ਤੋਂ ਲੜ ਸਕਣ।
ਸੋ ਜਿਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਆਪਣੀ ਹੀ ਆਗੂ ਸ਼ਰਾਬ ਦੀ ਡਲਿਵਰੀ ਦਾ ਵਿਰੋਧ ਕਰ ਰਹੇ ਨੇ ਉੱਥੇ ਹੀ ਖਿਡਾਰੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਿਮ ਖੋਲ੍ਹਣ ਦੀ ਮੰਗ ਕੀਤੀ ਗਈ ਹੈ।