ਚੰਗੀ ਖ਼ਬਰ
ਕੈਨੇਡਾ: ਹੁਣ ਨਹੀਂ ਹੋਵੇਗੀ ਵੈਨਕੂਵਰ ਟਰਾਂਸਲਿੰਕ ਦੇ 1,500 ਵਰਕਰਾਂ ਦੀ ਛਾਂਟੀ
ਹਰਦਮ ਮਾਨ
ਸਰੀ, 11 ਮਈ 2020-ਟਰਾਂਸਲਿੰਕ ਨੇ ਆਪਣੇ ਲਗਭਗ 1,500 ਕਰਮਚਾਰੀਆਂ ਨੂੰ ਲੇਅ-ਆਫ ਕਰਨ ਦਾ ਨੋਟਿਸ ਵਾਪਸ ਲੈ ਲਿਆ ਹੈ ਜਿਸ ਨਾਲ ਨੌਕਰੀ ਖੁੱਸਣ ਦੇ ਸਹਿਮ ਹੇਠ ਰਹਿ ਰਹੇ ਬੱਸ ਡਰਾਈਵਰਾਂ ਅਤੇ ਹੋਰ ਕਾਮਿਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਇਹ ਲੇਅ-ਆਫ ਨੋਟਿਸ 18 ਮਈ ਤੋਂ ਲਾਗੂ ਹੋ ਜਾਣਾ ਸੀ।
ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਪਿਛਲੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਟਰਾਂਸਲਿੰਕ ਬੱਸਾਂ ਸਫਰ ਮੁਫਤ ਕਰਨ ਦੀ ਸਹੂਲਤ ਹੈ ਅਤੇ ਟਰਾਂਸਲਿਕ ਅਨੁਸਾਰ ਇਸ ਕਾਰਨ ਕੰਪਨੀ ਨੂੰ ਹਰ ਮਹੀਨੇ ਕਈ ਮਿਲੀਅਨ ਡਾਲਰ ਦਾ ਘਾਟਾ ਸਹਿਣਾ ਪੈ ਰਿਹਾ ਹੈ। ਇਸ ਨੁਕਸਾਨ ਨੂੰ ਘਟਾਉਣ ਲਈ ਹੀ ਟਰਾਂਸਲਿੰਕ ਨੇ 1.500 ਕਾਮਿਆਂ ਦੀ ਆਰਜ਼ੀ ਛਾਂਟੀ ਕਰਨ ਦਾ ਫੈਸਲਾ ਲਿਆ ਸੀ ਪਰ ਹੁਣ ਹਾਲਾਤ ਕੁਝ ਸਾਜ਼ਗਾਰ ਹੁੰਦੇ ਨਜ਼ਰ ਆ ਰਹੇ ਹਨ ਅਤੇ ਕੰਪਨੀ ਨੇ ਆਪਣਾ ਲੇਅ-ਆਫ ਨੋਟਿਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਅਧਿਕਾਰੀਆਂ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੌਜੂਦਾ ਹਾਲਾਤ ਤੋਂ ਆਸ ਬੱਝਦੀ ਹੈ ਕਿ ਬਹੁਤੇ ਲੋਕ ਅਗਲੇ ਦਿਨਾਂ ਵਿਚ ਕੰਮ 'ਤੇ ਵਾਪਸ ਆ ਸਕਣਗੇ ਅਤੇ ਟਰਾਂਸਲਿੰਕ ਸੇਵਾਵਾਂ ਵੀ ਨਾਰਮਲ ਹੋ ਜਾਣਗੀਆਂ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਬੀਸੀ ਸਰਕਾਰ ਅਤੇ ਟਰਾਂਸਲਿੰਕ ਕੰਪਨੀ ਮਿਲ ਕੇ ਮਹਾਂਮਾਰੀ ਦੇ ਵਿੱਤੀ ਪ੍ਰਭਾਵ ਨੂੰ ਹੱਲ ਕਰਨ ਲਈ ਇੱਕ ਯੋਜਨਾ ਬਣਾ ਰਹੇ ਹਨ। ਇਨ੍ਹਾਂ ਦੋਵੇਂ ਧਿਰਾਂ ਦਾ ਕਹਿਣਾ ਹੈ ਕਿ ਉਹ ਟਰਾਂਜ਼ਿਟ ਸੇਵਾਵਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਰਾਸ਼ਟਰੀ ਹੱਲ ਲਈ ਫੈਡਰਲ ਸਰਕਾਰ ਨੂੰ ਅਪੀਲ ਕਰਨਗੇ।
ਬੱਸ ਡਰਾਈਵਰਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ “ਯੂਨੀਫੋਰ” ਨੇ ਇਕ ਬਿਆਨ ਵਿਚ ਕਿਹਾ ਕਿ ਸੂਬਾਈ ਅਤੇ ਫੈਡਰਲ ਸਰਕਾਰਾਂ ਵੱਲੋਂ ਐਮਰਜੈਂਸੀ ਫੰਡ ਮੁਹੱਈਆ ਕਰਵਾਏ ਜਾਣ ਸਦਕਾ ਟਰਾਂਸਲਿੰਕ ਮੁਲਾਜ਼ਮਾਂ ਦੀ ਛਾਂਟੀ ਦਾ ਕੰਮ ਮੁਲਤਵੀ ਹੋਣਾ ਸੰਭਵ ਹੋ ਸਕਿਆ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com