ਹਰਜਿੰਦਰ ਸਿੰਘ ਬਸਿਆਲਾ
-ਨਾਨਕੇ-ਦਾਦਕੇ ਅਤੇ ਰਿਸ਼ਤੇਦਾਰਾਂ ਦੇ ਜਾ ਸਕੋਗੇ
-ਕਾਨੂੰਨੀ ਉਲੰਘਣਾ ਤੇ ਰੈਸਟੋਰੈਂਟ ਅਤੇ ਬਾਰ ਹੋ ਸਕਦੇ ਹਨ ਬੰਦ
ਔਕਲੈਂਡ 11 ਮਈ 2020 - ਨਿਊਜ਼ੀਲੈਂਡ ਦੇ ਵਿਚ ਪਿਛਲੇ ਦੋ ਹਫਤਿਆਂ ਤੋਂ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ 'ਕਰੋਨਾ ਤਾਲਾਵੰਦੀ' ਦੌਰਾਨ ਕਰੋਨਾ ਵਾਇਰਸ ਨੂੰ ਬ੍ਰੇਕਾਂ ਲਗ ਗਈਆਂ ਹਨ ਅਤੇ ਹੁਣ ਵੀਰਵਾਰ ਤੋਂ ਇਹ ਤਾਲਾਬੰਦੀ ਦਾ ਪੱਧਰ 'ਲੈਵਲ-3' ਤੋਂ 'ਲੈਵਲ-2' 'ਤੇ ਆ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਨੇ ਕਰ ਦਿੱਤਾ ਹੈ। ਵੀਰਵਾਰ ਤੋਂ ਸ਼ਾਪਿੰਗ ਮਾਲ, ਕੈਫੇ ਅਤੇ ਰੈਸਟੋਰੈਂਟ ਖੁੱਲ੍ਹ ਜਾਣਗੇ ਜਦ ਕਿ ਅਗਲੇ ਸੋਮਵਾਰ ਤੋਂ ਸਕੂਲ ਖੁੱਲ੍ਹ ਜਾਣਗੇ।
ਬਾਰਾਂ ਦੇ ਵਿਚ ਰੌਣਕ 10 ਦਿਨਾਂ ਬਾਅਦ ਯਾਨਿ ਕਿ 21 ਮਈ ਨੂੰ ਪਰਤਣੀ ਹੈ। ਲੈਵਲ 3 ਬੁੱਧਵਾਰ ਰਾਤ 12 ਵਜੇ ਖਤਮ ਹੋ ਜਾਵੇਗਾ। ਦੇਸ਼ ਦੀਆਂ ਸੀਮਾਵਾਂ ਲੰਬੇ ਸਮੇਂ ਲਈ ਅਜੇ ਬੰਦ ਰਹਿਣਗੀਆਂ ਜਿਸ ਦੇ ਤਹਿਤ ਵਿਦੇਸ਼ੀ ਲੋਕ ਅਜੇ ਆਮ ਦੀ ਤਰ੍ਹਾਂ ਇਥੇ ਨਹੀਂ ਆ ਸਕਣਗੇ। ਦੇਸ਼ ਅੰਦਰ ਇਕ ਦੂਜੇ ਥਾਂ ਜਾਣ ਦੀ ਖੁੱਲ੍ਹ ਹੋਵੇਗੀ। ਭਾਰਤੀ ਲੋਕ ਵੀ ਆਪਣੇ ਰਿਸ਼ਤੇਦਾਰਾਂ ਅਤੇ ਨਾਨਕੇ ਦਾਦਕੇ ਜਾ ਸਕਣਗੇ। ਖਿਡਾਰੀ ਖੇਡ ਮੈਦਾਨ ਦੇ ਵਿਚ ਖੇਡ ਸਕਣਗੇ ਪਰ ਇਥੇ ਲੋਕਾਂ ਦੇ 10 ਤੋਂ ਜਿਆਦਾ ਇਕੋ ਥਾਂ 'ਤੇ ਇਕੱਠੇ ਹੋਣ 'ਤੇ ਪਾਬੰਦੀ ਹੋਵੇਗੀ। 2 ਹਫਤਿਆਂ ਬਾਅਦ ਲੈਵਲ-2 ਉਤੇ ਵਿਚਾਰ ਕੀਤੀ ਜਾਵੇਗੀ ਅਤੇ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਵਧਾਈ ਜਾ ਸਕਦੀ ਹੈ। ਮਾਸਕ ਪਹਿਨਣੇ ਜਰੂਰੀ ਨਹੀਂ ਹੋਣਗੇ ਪਰ ਲੋਕਾਂ ਦੀ ਮਰਜ਼ੀ ਹੋਵੇਗੀ। ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿਚ ਅਜੇ ਕੋਈ ਵੀ ਕੇਸ ਪਾਜੇਟਿਵ ਨਹੀਂ ਹੈ।
ਅੱਜ ਆਏ 3 ਹੋਰ ਨਵੇਂ ਕੇਸ
ਅੱਜ ਸੋਮਵਾਰ ਨਿਊਜ਼ੀਲੈਂਡ ਵਿੱਚ 3 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਦੋ ਹੋਰ ਨਰਸਾਂ ਸ਼ਾਮਿਲ ਹਨ ਜੋ ਹਸਪਤਾਲ ਵਿੱਚ ਸੰਕਰਾਮਿਤ ਹੋਈਆਂ ਹਨ। ਇਸ ਨਾਲ ਦੇਸ਼ ਵਿੱਚ ਹੁਣ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਮਾਮਲਿਆਂ ਦੀ ਗਿਣਤੀ 1497 ਹੋ ਗਈ ਹੈ।
ਨਵੇਂ ਕੇਸਾਂ ਵਿਚੋਂ ਦੋ ਵੇਟਾਕੇਅਰ ਹਸਪਤਾਲ ਵਿਚਲੀਆਂ ਨਰਸਾਂ ਦੇ ਹਨ ਅਤੇ ਆਕਲੈਂਡ ਦੇ ਸੈਂਟ ਮਾਰਗਰੇਟ ਹਸਪਤਾਲ ਤੇ ਰੈਸਟ ਹੋਮ ਕਲੱਸਟਰ ਨਾਲ ਜੁੜੇ ਹੋਏ ਹਨ। ਮਨਿਸਟਰੀ ਆਫ਼ ਹੈਲਥ ਨੇ ਕਿਹਾ ਕਿ ਦੋਵੇਂ ਨਰਸਾਂ ਆਪਣੇ ਘਰ ਵਿੱਚ ਸੈੱਲਫ਼ ਆਈਸੋਲੇਸ਼ਨ 'ਚ ਹਨ। ਹੁਣ ਵੇਟਾਕੇਅਰ ਹਸਪਤਾਲ ਦੀਆਂ ਨਰਸਾਂ ਦੇ 7 ਮਾਮਲੇ ਹਨ, ਜੋ ਸੈਂਟ ਮਾਰਗਰੇਟ ਰੈਸਟ ਹੋਮ ਨਾਲ ਸੰਬੰਧਿਤ ਹਨ, ਜਿਸ ਵਿੱਚ 6 ਪੁਸ਼ਟੀ ਕੀਤੇ ਅਤੇ 1 ਸੰਭਾਵਿਤ ਮਾਮਲੇ ਹਨ। ਇੱਕ ਨਾਰਥ ਸ਼ੋਰ ਹਸਪਤਾਲ ਵਿੱਚ ਹੈ। ਮਨਿਸਟਰੀ ਨੇ ਕਿਹਾ ਕੇ ਦੋਵੇਂ ਨਰਸਾਂ ਆਈਸੋਲੇਸ਼ਨ ਵਿੱਚ ਹਨ ਤੇ ਹੋਰ ਟੈੱਸਟ ਲਈ ਇੰਤਜ਼ਾਰ ਕਰ ਰਹੀਆਂ ਹਨ।
ਮਨਿਸਟਰੀ ਆਫ਼ ਹੈਲਥ ਨੇ ਕਿਹਾ ਕਿ ਅੱਜ ਦਾ ਤੀਜਾ ਕੇਸ ਉਹ ਹੈ ਜੋ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਇਸ ਤਰ੍ਹਾਂ ਇਸ ਨੂੰ ਇੱਕ ਯਾਤਰਾ ਕੇਸ ਵਜੋਂ ਦਰਸਾਇਆ ਗਿਆ ਹੈ। ਹੁਣ ਤੱਕ ਕੁੱਲ 93% ਮਰੀਜ਼ ਠੀਕ ਹੋ ਚੁੱਕੇ ਹਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1497 ਹੋ ਗਈ ਹੈ। ਜਿਨ੍ਹਾਂ ਵਿਚੋਂ 1,146 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 90 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1386 ਵਿਅਕਤੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 2 ਲੋਕ ਹਨ (ਇੱਕ ਮਿਡਲਮੋਰ ਅਤੇ ਇੱਕ ਨਾਰਥ ਸ਼ੋਰ ਵਿਖੇ) ਅਤੇ ਕੋਈ ਵੀ ਆਈਸੀਯੂ ਵਿੱਚ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ। 16 ਮਹੱਤਵਪੂਰਨ ਕਲੱਸਟਰ ਵਿਚੋਂ ਹੁਣ 4 ਬੰਦ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 217 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,179,807 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 836,797 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,495,858 ਹੈ।