ਕੈਨੇਡਾ: ਵੈਨਕੂਵਰ ਦੇ ਪਾਰਕਾਂ, ਬੀਚਾਂ ਨੂੰ ਮੁੜ ਬੰਦ ਕਰਨ ਦਾ ਫੈਸਲਾ
ਹਰਦਮ ਮਾਨ
ਸਰੀ, 12 ਮਈ 2020 : ਬੀਸੀ ਹੈਲਥ ਅਥਾਰਟੀ ਵੱਲੋਂ 23 ਮਾਰਚ ਤੋਂ ਬੰਦ ਕੀਤੇ ਗਏ ਪਾਰਕ ਦੁਬਾਰਾ ਖੋਲ੍ਹਣ ਲਈ ਕੀਤੇ ਐਲਾਨ ਕਾਰਨ ਲੰਘੇ ਵੀਕ- ਐਂਡ ਵੱਡੀ ਗਿਣਤੀ ਵਿਚ ਲੋਕ ਵੈਨਕੂਵਰ ਦੀਆਂ ਬੀਚਾਂ, ਪਾਰਕਾਂ ਵਿਚ ਮੌਸਮ ਦਾ ਆਨੰਦ ਮਾਣਨ ਲਈ ਪੁੱਜ ਗਏ। ਲੋਕਾਂ ਨੂੰ ਲੱਗਭੱਗ ਡੇਢ ਮਹੀਨੇ ਬਾਅਦ ਪਾਰਕਾਂ ਅਤੇ ਬੀਚਾਂ ਉਪਰ ਜਾਣ ਦੀ ਆਗਿਆ ਮਸਾਂ ਮਿਲੀ ਸੀ ਅਤੇ ਅਜਿਹੀ ਹਾਲਤ ਵਿਚ ਲੋਕਾਂ ਦਾ ਉਤਸੁਕ ਹੋਣਾ ਸੁਭਾਵਿਕ ਹੀ ਸੀ। ਲੰਬੇ ਸਮੇਂ ਬਾਅਦ ਇਕੱਠੇ ਹੋਏ ਯਾਰਾਂ-ਦੋਸਤਾਂ, ਪਰਿਵਾਰਕ ਮੈਂਬਰਾਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਹਦਾਇਤਾਂ ਕਿੱਥੇ ਯਾਦ ਰਹਿਣੀਆਂ ਸਨ? ਨਤੀਜੇ ਵਜੋਂ ਜਨਤਕ ਪਾਰਕਾਂ ਅਤੇ ਸਮੁੰਦਰੀ ਕੰਢੇ ਬੀਚਾਂ ਤੇ ਗਰੁੱਪ ਬਣਾ ਕੇ ਬੈਠੇ ਲੋਕ ਆਪਸ ਵਿਚ ਦੋ ਮੀਟਰ ਦੀ ਸਰੀਰਕ ਦੂਰੀ ਰੱਖਣਾ ਵੀ ਭੁੱਲ ਗਏ।
ਵੈਨਕੂਵਰ ਪਾਰਕ ਬੋਰਡ ਦੇ ਰੇਂਜਰਾਂ ਨੇ ਦੋ-ਮੀਟਰ ਦੀ ਦੂਰੀ ਨਾ ਰੱਖਣ ਵਾਲੇ 1,880 ਗਰੁੱਪਾਂ ਨੂੰ ਚਿਤਾਵਨੀਆਂ ਵੀ ਜਾਰੀ ਕੀਤੀਆਂ। ਲੋਕ ਇਕੱਠਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਬੋਰਡ ਨੇ ਬਹੁਤ ਸਾਰੇ ਪਾਰਕਾਂ, ਬੀਚਾਂ ਅਤੇ ਪਾਰਕਿੰਗ ਲਾਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਵੈਨਕੂਵਰ ਪਾਰਕ ਬੋਰਡ ਦੇ ਡਿਪਟੀ ਜਨਰਲ ਮੈਨੇਜਰ ਸ਼ੌਨਾ ਵਿਲਟਨ ਨੇ ਕਿਹਾ ਕਿ ਇਸ ਵੀਕ- ਐਂਡ ਦੌਰਾਨ ਬੋਰਡ ਦੇ ਸਟਾਫ ਨੇ ਸਮੁੰਦਰੀ ਕੰਢੇ 'ਤੇ ਲੋਕਾਂ ਦੇ ਕਈ ਅਜਿਹੇ ਆਮ ਗਰੁੱਪਾਂ ਨੂੰ ਦੇਖਿਆ ਜਿਨ੍ਹਾਂ ਆਪਸ ਵਿਚ ਲੋੜੀਂਦੀ ਸਰੀਰਕ ਦੂਰੀ ਨਹੀਂ ਰੱਖੀ ਸੀ, ਜਿਸ ਕਾਰਨ ਫਿਲਹਾਲ ਪਾਰਕਾਂ, ਬੀਚਾਂ ਨੂੰ ਬੰਦ ਰੱਖਣਾ ਹੀ ਲੋਕ-ਹਿਤ ਵਿਚ ਸਮਝਿਆ ਗਿਆ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com