- ਹੁਣ ਤੱਕ ਕੁੱਲ 1586 ਵਿਚੋਂ 1402 ਸੈਂਪਲ ਪਾਏ ਜਾ ਚੁੱਕੇ ਹਨ ਨੈਗੇਟਿਵ, 128 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਫਿਰੋਜ਼ਪੁਰ, 12 ਮਈ 2020 : ਕੋਰੋਨਾ ਵਾਇਰਸ ਦੀ ਜਾਂਚ ਲਈ ਜ਼ਿਲ੍ਹੇ ਵਿੱਚ ਇਕੱਠੇ ਕੀਤੇ ਗਏ ਸਾਰੇ ਸੈਂਪਲਾਂ ਵਿਚੋਂ ਕਰੀਬ 88 ਫ਼ੀਸਦੀ ਸੈਂਪਲ ਹੁਣ ਤੱਕ ਨੈਗੇਟਿਵ ਨਿਕਲੇ ਹਨ । ਸਿਹਤ ਵਿਭਾਗ ਵੱਲੋਂ ਹੁਣ ਤਕ ਕੁਲ 1586 ਸੈਂਪਲ ਲਏ ਗਏ ਸਨ, ਜਿਸ ਵਿਚੋਂ 1402 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ 128 ਸੈਂਪਲਾਂ ਦੀ ਰਿਪੋਰਟ ਲੈਬੋਰੇਟਰੀ ਵਿੱਚ ਪੈਂਡਿੰਗ ਹੈ ।
ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਥਰੌਟ ਸਵੈਬ ਟੈਸਟਿੰਗ ਦੇ ਕਰੀਬ 88 ਫ਼ੀਸਦੀ ਮਾਮਲੇ ਨੈਗੇਟਿਵ ਆਏ ਹਨ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਪਲ ਟੇਸਟਿੰਗ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਕੁਲ 1586 ਸੈਂਪਲ ਇਕੱਠੇ ਕੀਤੇ ਗਏ ਸਨ । ਹਾਸਿਲ ਹੋਏ ਨਤੀਜਿਆਂ ਦੇ ਮੁਤਾਬਿਕ 1402 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ । ਜਦੋਂ ਕਿ ਹੁਣੇ ਤੱਕ ਜ਼ਿਲ੍ਹੇ ਵਿੱਚ ਕੁਲ 44 ਪਾਜਿਟਿਵ ਮਰੀਜ਼ ਰਿਪੋਰਟ ਹੋ ਚੁੱਕੇ ਹਨ, ਜਿਨ੍ਹਾਂ ਦਾ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਸਾਰੇ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਾਂਸਟੇਬਲ ਪਰਮਜੋਤ ਸਿੰਘ ਪਹਿਲਾਂ ਹੀ ਸਿਹਤਮੰਦ ਹੋਕੇ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾ ਚੁੱਕਿਆ ਹੈ, ਜਿਸ ਨੂੰ ਕੋਰੋਨਾ ਵਾਇਰਸ ਪਾਜਿਟਿਵ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ । ਇਸ ਦੇ ਬਾਅਦ ਹੁਣ ਕੁਲ 43 ਐਕਟਿਵ ਕੇਸ ਹਸਪਤਾਲ ਵਿੱਚ ਹਨ ਅਤੇ ਉਨ੍ਹਾਂ ਵਿਚੋਂ ਕੋਈ ਵੀ ਕੇਸ ਕਰਿਟਿਕਲ ਸ਼੍ਰੇਣੀ ਦਾ ਨਹੀਂ ਹੈ । ਪਾਜਿਟਿਵ ਪਾਏ ਗਏ ਸਾਰੇ ਕੇਸਾਂ ਨੂੰ ਤਤਕਾਲ ਪ੍ਰਭਾਵ ਨਾਲ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਸੀ ।
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਕਿਸੇ ਵੀ ਗਲ ਨੂੰ ਲੈ ਕੇ ਘਬਰਾਉਣ ਨਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜੰਗ ਨੂੰ ਜਿੱਤਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਵਾਇਰਸ ਦੇ ਖਿਲਾਫ ਇਸ ਲੜਾਈ ਨੂੰ ਕੁੱਝ ਨਿਯਮ ਅਪਣਾ ਕੇ ਜਿੱਤ ਸਕਦੇ ਹੈ, ਜਿਸ ਵਿੱਚ ਸੋਸ਼ਲ ਡਿਸਟੇਂਸਿੰਗ, ਬੇਵਜ੍ਹਾ ਬਾਹਰ ਨਾ ਨਿਕਲ਼ਨਾ ਅਤੇ ਸਫ਼ਾਈ ਬਣਾਏ ਰੱਖਣਾ ਸ਼ਾਮਿਲ ਹੈ ।