ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ,12 ਮਈ 2020 - ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ /ਲਾਕਡਾਊਨ ਕਾਰਨ ਰਾਜਸਥਾਨ ਤੇ ਹੋਰ ਸੂਬਿਆਂ ਦੇ ਵੱਖ ਵੱਖ ਥਾਵਾਂ ਤੇ ਫਸੇ ਲੋਕਾਂ/ਮਜਦੂਰਾਂ ਨੂੰ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ੍ਹਾ ਪ੍ਰਸਾਸਨ ਵੱਲੋਂ ਵਿਸ਼ੇਸ਼ ਬੱਸਾਂ ਭੇਜ ਕੇ ਜੋ ਕਿ ਫਰੀਦਕੋਟ ਜਿਲ੍ਹੇ ਨਾਲ ਸਬੰਧਿਤ ਸਨ ਵਾਪਸ ਫਰੀਦਕੋਟ ਲਿਆਂਦਾ ਗਿਆ ਅਤੇ ਇਨਾਂ ਨੂੰ ਇਤਿਹਾਤ ਵਜੋਂ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਪਿੱਪਲੀ ਦੇ ਇਕਾਂਤਵਾਸ ਕੇਂਦਰ ਤੋਂ 24 ਪੀ.ਆਰ.ਟੀ.ਸੀ. ਦੇ ਡਰਾਈਵਰ ਅਤੇ ਬਾਜਾਖਾਨਾ ਦੇ ਇਕਾਂਤਵਾਸ ਕੇਂਦਰ ਤੋਂ 48 ਮਜ਼ਦੂਰਾਂ ਨੂੰ ਵੀ ਕਰੋਨਾ ਟੈਸਟ ਨੈਗਟਿਵ ਆਉਣ ਕਾਰਨ ਘਰਾਂ ਵਿੱਚ ਭੇਜਿਆ ਜਾ ਚੁੱਕਾ ਹੈ।
ਐਸਡੀਐਮ ਫਰੀਦਕੋਟ ਸ: ਪਰਮਦੀਪ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੇ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਵਿਖੇ ਇਨਾਂ ਮਜਦੂਰਾਂ ਦੀ ਸੁੱਖ ਸਹੂਲਤ, ਰਿਹਾਇਸ਼ , ਖਾਣੇ ਆਦਿ ਲਈ ਵਿਸੇਸ ਪ੍ਰਬੰਧ ਕੀਤੇ ਗਏ ਸਨ ਅਤੇ ਸਿਹਤ ਵਿਭਾਗ ਵੱਲੋਂ ਇਨਾਂ ਦੀ ਸਿਹਤ ਜਾਂਚ ਮਗਰੋਂ ਇਨਾਂ ਦੇ ਸੈਂਪਲ ਲਏ ਗਏ ਅਤੇ ਕਰੋਨਾ ਜਾਂਚ ਲਈ ਇਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਲੈਬ ਵਿਖੇ ਭੇਜਿਆ ਗਿਆ ।ਉਨਾਂ ਦੱਸਿਆ ਕਿ ਕੱਲ ਸ਼ਾਮ ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋ ਗਈ ਹੈ ਤੇ ਇੱਥੇ ਰਹਿੰਦੇ ਕੁੱਲ 64 ਲੋਕਾਂ ਦੇ ਕਰੋਨਾ ਸੈਂਪਲ ਨੈਗੇਟਿਵ ਆਏ ਹਨ । ਉਨਾਂ ਕਿਹਾ ਕਿ ਇਨਾਂ ਲੋਕਾਂ ਦੀ ਅੱਜ ਸਿਹਤ ਜਾਂਚ ਤੋਂ ਬਾਅਦ ਇਨਾਂ ਨੂੰ ਆਪਣੇ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ।ਉਨਾਂ ਇਹ ਵੀ ਦੱਸਿਆ ਕਿ ਸਾਰੇ ਮਜ਼ਦੂਰ ਸਿਹਤ ਵਿਭਾਗ ਦੇ ਨਿਰਦੇਸਾਂ ਅਤੇ ਗਾਈਡ ਲਾਈਨ ਅਨੁਸਾਰ 14 ਦਿਨ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣਗੇ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਮੇਂ ਸਮੇਂ ਤੇ ਇਨਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਸਾਰਿਆਂ ਨੂੰ ਕੋਵਾ ਐਪ ਵੀ ਆਪਣੇ ਮੋਬਾਇਲ ਤੇ ਡਾਊਨਲੋਡ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਇਕਾਂਤਵਾਸ ਕੇਂਦਰ ਤੋਂ ਵਾਪਸ ਘਰ ਨੂੰ ਜਾ ਰਹੇ ਇੰਦਰਜੀਤ ਸਿੰਘ ਪਿੰਡ ਪੱਕਾ ਨੇ ਦੱਸਿਆ ਕਿ ਇਕਾਂਤਵਾਸ ਕੇਂਦਰ ਵਿੱਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਵਧੀਆ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕਾਂਤਵਾਸ ਕੇਂਦਰ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ ਅਤੇ ਉਨ੍ਹਾਂ ਨੂੰ ਖਾਣਾ, ਚਾਹ ਵਗੈਰਾ ਟਾਈਮ ਤੇ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 14 ਦਿਨ ਘਰਾਂ ਵਿੱਚ ਇਕਾਂਤਵਾਸ ਰਹਿਣਗੇ।
ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ , ਨਾਇਬ ਤਹਿਸੀਲਦਾਰ ਸ੍ਰੀ ਅਨਿਲ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।