ਅਸ਼ੋਕ ਵਰਮਾ
ਬਠਿੰਡਾ, 12 ਮਈ 2020 - ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਚੋਂ 27 ਸ਼ਰਧਾਲੂ ਜਿੰਨਾਂ ’ਚ 5 ਬੱਚੇ ਵੀ ਹਨ, ਅੱਜ ਆਪਣਾ ਇਕਾਂਤਵਾਸ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਸੁੱਖੀ ਸਾਂਦੀ ਆਪਣੇ ਘਰਾਂ ਨੂੰ ਪਰਤ ਗਏ। ਇੰਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੁਨੀਵਰਸਿਟੀ ਤੋਂ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਅਤੇ ਐਸਐਸਪੀ ਡਾ: ਨਾਨਕ ਸਿੰਘ ਨੇ ਸੁਭਕਾਮਨਾਵਾਂ ਭੇਂਟ ਕਰਦੇ ਹੋਏ ਇੰਨਾਂ ਦੇ ਘਰਾਂ ਲਈ ਰਵਾਨਾ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਇਹ ਸ਼ਰਧਾਲੂ ਨਾਂਦੇੜ ਮਹਾਰਾਸ਼ਟਰ ਤੋਂ ਪਰਤੇ ਸਨ ਅਤੇ ਇੱਥੇ ਰਾਜ ਵਿਚ ਆਉਣ ਤੋਂ ਲੈ ਕੇ ਸਰਕਾਰੀ ਇਕਾਂਤਵਾਸ ਕੇਂਦਰ ਵਿਚ ਰਹਿ ਰਹੇ ਸਨ। ਇੰਨਾਂ ਦੇ ਟੈਸਟ ਵੀ ਕਰਵਾਏ ਗਏ ਸਨ ਅਤੇ ਦੋਨੋਂ ਟੈਸਟ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਇੰਨਾਂ ਨੂੰ ਅੱਜ ਘਰਾਂ ਵਿਚ ਭੇਜਿਆ ਜਾ ਰਿਹਾ ਹੈ।
ਉਨਾਂ ਨੇ ਕਿਹਾ ਕਿ ਇੰਨਾਂ ਨੇ ਘਰਾਂ ਵਿਚ ਵੀ ਹੁਣ ਕੁਝ ਦਿਨ ਹੋਰ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ। ਇੰਨਾਂ ਵਿਚ 15 ਪੁਰਸ ਅਤੇ 12 ਔਰਤਾਂ ਸਨ। ਇੰਨਾਂ ਨੂੰ ਘਰਾਂ ਨੂੰ ਵਿਦਾ ਕਰਨ ਤੋਂ ਪਹਿਲਾਂ ਇੰਨਾਂ ਨੂੰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਫੁੱਲ ਭੇਂਟ ਕੀਤੇ ਅਤੇ ਇੰਨਾਂ ਦੇ ਸੁਖੱਦ ਭੱਵਿਖ ਦੀ ਅਰਦਾਸ ਕੀਤੀ। ਇਸ ਮੌਕੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਇੰਨਾਂ ਨੂੰ ਹਮੇਸ਼ਾ ਮਾਸਕ ਪਾ ਕੇ ਰੱਖਣ, ਘਰ ਵਿਚ ਵੀ ਸਮਾਜਿਕ ਦੂਰੀ ਬਣਾ ਕੇ ਰੱਖਣ, ਸਫਾਈ ਰੱਖਣ, ਵਾਰ ਵਾਰ ਹੱਥ ਧੋਣ ਆਦਿ ਦੇ ਸਿਹਤ ਨਿਯਮਾਂ ਦੀ ਦਿ੍ਰੜਤਾ ਨਾਲ ਪਾਲਣ ਕਰਨ ਲਈ ਕਿਹਾ।
ਇਸ ਮੌਕੇ ਘਰ ਪਰਤ ਰਹੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਝਲਕ ਰਹੀ ਸੀ ਅਤੇ ਉਨਾਂ ਨੇ ਇਕਾਂਤਵਾਸ ਠਹਿਰਾਓ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਲਈ ਸਭ ਦਾ ਧੰਨਵਾਦ ਵੀ ਕੀਤਾ। ਇਸ ਮੌੇਕੇ ਡਾ: ਕੁੰਦਨ ਕੁਮਾਰ ਪਾਲ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਤੇਜਨੂਰ ਸਿੰਘ ਨੋਡਲ ਅਫ਼ਸਰ ਵੀ ਹਾਜਰ ਸਨ।