- ਅਗਲੇ ਦਿਨਾਂ ਦੌਰਾਨ ਲੁਧਿਆਣਾ ਤੋਂ ਰੇਲਾਂ ਦੀ ਗਿਣਤੀ ਵਿੱਚ ਹੋਵੇਗਾ ਵਾਧਾ - ਡਿਪਟੀ ਕਮਿਸ਼ਨਰ
- ਪ੍ਰਵਾਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ ਦੀ ਅਪੀਲ
- ਸਪੱਸ਼ਟ ਕੀਤਾ, ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹੈ ਮੁਫ਼ਤ ਰੇਲ ਸਫ਼ਰ
ਲੁਧਿਆਣਾ, 13 ਮਈ 2020 - ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ 5 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 4421 ਨਮੂਨੇ ਲਏ ਗਏ ਹਨ। ਜਿਨ੍ਹਾਂ ਵਿੱਚੋਂ 3867 ਨਮੂਨਿਆਂ ਦੇ ਨਤੀਜੇ ਨੈਗੇਟਿਵ ਪ੍ਰਾਪਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਪਾਜ਼ੀਟਿਵ ਮਾਮਲੇ 141 ਹਨ, ਜਦਕਿ 40 ਮਾਮਲੇ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਹੁਣ ਤੱਕ 13 ਮਰੀਜ਼ਾਂ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜ ਮਰੀਜ਼ ਪਿੰਡ ਕੱਦੋਂ, ਦੋਰਾਹਾ, ਫੇਜ਼ 2 ਦੁਗਰੀ, ਮਿਲਰਗੰਜ ਅਤੇ ਹੈਬੋਵਾਲ (ਸ਼ਹਿਰ ਲੁਧਿਆਣਾ) ਨਾਲ ਸੰਬੰਧਤ ਹਨ। ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਵਿੱਚ 122 ਮਰੀਜ਼ਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਨੇ 14 ਦਿਨਾਂ ਦਾ ਇਕਾਂਤਵਾਸ ਮੁਕੰਮਲ ਕਰ ਲਿਆ ਹੈ, ਉਨ੍ਹਾਂ ਦੇ ਨਮੂਨੇ ਵੀ ਭੇਜੇ ਗਏ ਹਨ। ਜੇਕਰ ਇਹ ਨਤੀਜੇ ਨੈਗੇਟਿਵ ਪ੍ਰਾਪਤ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਦੂਜਾ ਨਮੂਨਾ 24 ਘੰਟੇ ਬਾਅਦ ਲਿਆ ਜਾਵੇਗਾ। ਜੇਕਰ ਦੋਵੇਂ ਨਤੀਜੇ ਨੈਗੇਟਿਵ ਪ੍ਰਾਪਤ ਹੋ ਜਾਂਦੇ ਹਨ ਤਾਂ ਫਿਰ ਇਨ੍ਹਾਂ ਲੋਕਾਂ ਨੂੰ ਘਰਾਂ ਨੂੰ ਭੇਜ ਦਿੱਤਾ ਜਾਵੇਗਾ।
ਅਗਰਵਾਲ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 36 ਰੇਲਾਂ ਵੱਖ-ਵੱਖ ਸੂਬਿਆਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਮਿਤੀ 14 ਮਈ ਨੂੰ 7 ਅਤੇ ਮਿਤੀ 15 ਮਈ ਨੂੰ 8 ਰੇਲਾਂ ਵੱਖ-ਵੱਖ ਸੂਬਿਆਂ ਨੂੰ ਭੇਜੀਆਂ ਜਾਣਗੀਆਂ। ਉਨਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ 7 ਲੱਖ ਤੋਂ ਵਧੇਰੇ ਲੋਕਾਂ ਨੇ ਆਪਣੇ ਸੂਬਿਆਂ ਨੂੰ ਵਾਪਸ ਜਾਣ ਲਈ ਆਨਲਾਈਨ ਅਪਲਾਈ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਇਨ੍ਹਾਂ ਦੇ ਸੂਬਿਆਂ ਨੂੰ ਭੇਜਣ ਲਈ ਅਗਲੇ ਦਿਨਾਂ ਦੌਰਾਨ ਹੋਰ ਵੀ ਜਿਆਦਾ ਰੇਲਾਂ ਭੇਜੀਆਂ ਜਾਣਗੀਆਂ। ਇਨ੍ਹਾਂ ਲੋਕਾਂ ਨੂੰ ਸੜਕ ਰਸਤੇ ਭੇਜਣ ਲਈ ਵੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਅਗਰਵਾਲ ਨੇ ਪ੍ਰਵਾਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਵਿਅਕਤੀਆਂ ਦੀਆਂ ਗੱਲਾਂ ਵਿੱਚ ਨਾ ਆਉਣ ਜੋ ਉਨ੍ਹਾਂ ਨੂੰ ਪੈਸੇ ਲੈ ਕੇ ਸੜਕ ਰਸਤੇ ਉਨ੍ਹਾਂ ਦੇ ਸੂਬਿਆਂ ਨੂੰ ਭੇਜਣ ਦਾ ਲਾਲਚ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਈ ਸੂਬਿਆਂ ਨੇ ਆਪਣੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ। ਜੇਕਰ ਉਹ ਫੜੇ ਗਏ ਤਾਂ ਉਨ੍ਹਾਂ ਨੂੰ ਵਾਪਸ ਨਹੀਂ ਭੇਜਿਆ ਜਾਵੇਗਾ, ਇਸਦੇ ਨਾਲ ਹੀ ਉਹਨਾਂ ਦੇ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ। ਮੌਜੂਦਾ ਸਮੇਂ ਸਿਰਫ਼ ਰੇਲ ਰਾਹੀਂ ਹੀ ਸਫ਼ਰ ਦੀ ਆਗਿਆ ਹੈ, ਉਹ ਵੀ ਸਿਰਫ਼ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਾਰਾ ਰੇਲ ਸਫ਼ਰ , ਭੋਜਨ, ਘਰਾਂ ਤੋਂ ਲਿਆ ਕੇ ਰੇਲਵੇ ਸਟੇਸ਼ਨ ਤੱਕ ਛੱਡਣਾ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਉਨ੍ਹਾਂ ਤੋਂ ਭੇਜਣ ਬਦਲੇ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ। ਇਸ ਸਬੰਧੀ ਗੁਰੂ ਨਾਨਕ ਸਟੇਡੀਅਮ ਵਿਖੇ ਤਾਇਨਾਤ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।