ਨਿਊਜ਼ੀਲੈਂਡ ਦੇ ਵਿਚ ਪਰਤੀਆਂ ਰੌਣਕਾਂ, ਸ਼ਾਪਿੰਗ ਮਾਲਾਂ ਵਿਚ ਖਰੀਦੋ-ਫਰੋਖਤ ਸ਼ੁਰੂ, ਬਿਊਟੀ ਪਾਰਲਰਾਂ ਤੇ ਹੇਅਰ ਸਲੂਨ 'ਤੇ ਲਾਈਨਾਂ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 14 ਮਈ, 2020 : ਅੱਜ ਨਿਊਜ਼ੀਲੈਂਡ ਨੇ ਕਰੋਨਾ ਵਾਇਰਸ ਦੀ ਬਾਂਹ ਮਰੋੜਦਿਆਂ ਦੇਸ਼ ਨੂੰ ਖਤਰੇ ਦੇ ਚੌਥੇ ਪੱਧਰ ਤੋਂ ਦੂਜੇ ਪੱਧਰ ਤੱਕ ਲੈ ਆਂਦਾ ਹੈ। ਲੋਕ ਅੱਜ ਡੇਢ ਮਹੀਨੇ ਬਾਅਦ ਘਰਾਂ ਤੋਂ ਬਾਹਰ ਨਿਕਲ ਬਜ਼ਾਰਾਂ ਦੇ ਵਿਚ ਪਹੁੰਚੇ। ਕਾਰ ਪਾਰਕਾਂ ਭਰ ਗਈਆਂ, ਸ਼ਾਪਿੰਗ ਮਾਲਾਂ ਦੇ ਵਿਚ ਖਰੀਦੋ-ਫਰੋਖਤ ਸ਼ੁਰੂ ਹੋ ਗਈ ਖਾਸ ਕਰਕੇ ਬਿਊਟੀ ਪਾਰਲਰਾਂ, ਮੈਨੀਕਿਉਰ ਪਾਰਲਰ ਅਤੇ ਹੇਅਰ ਸਲੂਨਾਂ ਦੇ ਵਿਚ ਲਾਈਨਾਂ ਲੱਗ ਗਈਆਂ। ਵੱਖ-ਵੱਖ ਨਗਰਾਂ ਦੀਆਂ ਸੜਕਾਂ ਉਤੇ ਰੌਣਕ ਦੁੱਗਣੀ ਹੋ ਗਈ। ਬੱਚਿਆਂ ਦੇ ਲਈ ਕੱਪੜੇ ਅਤੇ ਹੋਰ ਜਰੂਰੀ ਸਾਮਾਨ ਖਰੀਦਣ ਵਾਲਿਆਂ ਦੀ ਗਿਣਤੀ ਚੌਖੀ ਵੇਖੀ ਗਈ। ਕਈ ਵੱਡੇ ਸ਼ਾਪਿੰਗ ਮਾਲਾਂ ਦੇ ਵਿਚ ਸਵੇਰੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨ ਵੇਖੀ ਗਈ। ਕੌਫੀ ਸ਼ਾਪਾਂ ਉਤੇ ਲਾਈਨਾਂ ਲੱਗੀਆਂ ਰਹੀਆਂ।