- ਅੱਜ ਕੁੱਲ 9 ਮਰੀਜ਼ ਠੀਕ ਹੋ ਕੇ ਘਰ ਪਰਤੇ
ਗੁਰਦਾਸਪੁਰ, 14 ਮਈ 2020 - ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ ਦਿਨ ਵਿਚ ਦੂਜੀ ਚੰਗੀ ਖਬਰ ਆਈ ਹੈ ਕਿ 4 ਹੋਰ ਮਰੀਜਾਂ ਨੇ ਕੋਰੋਨਾ 'ਤੇ ਜਿੱਤ ਹਾਸਿਲ ਕਰ ਲਈ ਹੈ। ਇਸ ਤੋਂ ਪਹਿਲਾਂ 5 ਮਰੀਜਾਂ ਕੋਰੋਨਾ 'ਤੇ ਫਤਿਹ ਹਾਸਿਲ ਕਰਕੇ ਘਰ ਪਰਤ ਚੁੱਕੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਜਿਲੇ ਅੰਦਰ 123 ਕੋਰੋਨਾ ਪੀੜਤ ਹਨ, ਜਿਨਾਂ ਵਿਚ 1 ਵਿਅਕਤੀ ਪਿੰਡ ਭੈਣੀ ਪਸਵਾਲ ਦੀ ਮੋਤ ਹੋ ਚੁੱਕੀ ਹੈ। ਉਨਾਂ ਅੱਗੇ ਦੱਸਿਆ ਕਿ ਇਨਾਂ ਵਿਚੋਂ 72 ਮਰੀਜਾਂ ਦੇ 14 ਦਿਨ ਪੂਰੇ ਹੋਣ ਉਪਰੰਤ ਸੈਂਪਲਿੰਗ ਕੀਤੀ ਗਈ ਹੈ, ਜਿਨਾਂ ਵਿਚ 40 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ, 3 ਮਰੀਜਾਂ ਦੀ ਰਿਪੋਰਟ ਪੋਜ਼ਟਿਵ ਅਤੇ 29 ਮਰੀਜਾਂ ਦੀ ਰਿਪੋਰਟ ਪੈਂਡਿੰਗ ਹੈ।
ਉਨਾਂ ਦੱਸਿਆ ਕਿ 27 ਮਰੀਜਾਂ ਦੀ ਪਹਿਲੇ ਰਾਊਂਡ ਵਿਚ ਰਿਪੋਰਟ ਨੈਗਟਿਵ ਆਈ ਹੈ ਅਤੇ ਇਨਾਂ ਦੀ ਦੁਬਾਰਾ ਦੂਜੀ ਵਾਰ ਸੈਂਪਲਿੰਗ ਕੀਤੀ ਗਈ ਸੀ। ਜਿਨਾਂ ਵਿਚ ਅੱਜ ਦੂਜੀ ਵਾਰ 9 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 18 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ ਹੈ। ਅੱਜ 9 ਠੀਕ ਹੋਏ ਮਰੀਜਾਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਪੂਰੇ ਮਾਣ ਸਨਮਾਨ ਨਾਲ ਘਰ ਭੇਜਿਆ ਗਿਆ ਹੈ। ਇਨਾਂ ਵਿਚ 8 ਠੀਕ ਹੋਏ ਮਰੀਜ਼ ਤਖਤ ਸ੍ਰੀ ਹਜੂਰ ਸਾਹਿਬ, ਨਾਂਦੇੜ ਤੋਂ ਪਰਤੇ ਸਨ ਅਤੇ 1 ਗੁਰਦਾਸਪੁਰ ਦਾ ਲੋਕਲ ਨੌਜਵਾਨ ਸਮਾਜ ਸੇਵੀ ਹੈ।