ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 15 ਮਈ 2020 - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ ਹਸਪਤਾਲ ਵਿੱਚ ਕੋਰੋਨਾ ਪਾਜ਼ੀਟਿਵ ਆਏ, ਪਿਛਲੀ 30 ਤਾਰੀਖ ਤੋਂ ਜ਼ੇਰੇ ਇਲਾਜ, ਪਿੰਡ ਕਾਉਣੀ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਅਕਤੀਆਂ, ਨੂੰ ਅੱਜ ਨੈਗਟਿਵ ਰਿਪੋਰਟ ਆਉਣ ਉਪਰੰਤ ਛੁੱਟੀ ਦੇ ਦਿੱਤੀ ਗਈ। ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਦੱਸਿਆ ਕਿ ਇਨਾਂ ਦੋ ਮਰੀਜਾਂ ਨੂੰ ਛੁੱਟੀ ਦੇਣ ਤੋਂ ਬਾਅਦ ਹੁਣ ਕੋਵਿਡ ਹਸਪਤਾਲ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 60 ਰਹਿ ਗਈ ਹੈ।
ਉਨਾਂ ਦੱਸਿਆ ਕਿ ਸਾਰੇ ਹੀ ਪਾਜ਼ੀਟਿਵ ਆਏ ਮਰੀਜਾਂ ਦੀ ਦੇਖ-ਭਾਲ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹ ਸਾਰੇ ਹੀ ਮਰੀਜ ਤੰਦਰੁਸਤ ਹਨ ਅਤੇ ਖਾਣ-ਪੀਣ, ਰਹਿਣ, ਦਵਾਈ ਅਤੇ ਬਿਜਲੀ ਦੇ ਪ੍ਰਬੰਧ ਸਬੰਧੀ ਇਨਾਂ ਨੂੰ ਕੋਈ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾ ਰਹੀ। ਉਨਾਂ ਦੱਸਿਆ ਹੁਣ ਤੱਕ ਲਏ ਗਏ ਜ਼ਿਲੇ ਵਿਚ 1504 ਸੈਂਪਲਾਂ ਵਿਚੋਂ 1271 ਸੈਂਪਲ ਨੈਗਟਿਵ ਆਏ ਹਨ। ਉਨਾਂ ਦੱਸਿਆ ਕਿ ਹੁਣ ਕੁੱਲ 167 ਸੈਂਪਲਾਂ ਦੀ ਰਿਪੋਟ ਆਉਣੀ ਬਾਕੀ ਹੈ।