- ਘਰ ਭੇਜੇ ਸਾਰੇ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ,
- ਕੋਰੋਨਾ ਪਾਜ਼ੀਟਿਵ ਹੋਣ ’ਤੇ ਵੀ 10 ਦਿਨਾਂ ਤੋਂ ਜਿਆਦਾ ਸਮਾਂ ਬੀਤਣ ’ਤੇ ਕੋਰਨਾ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ
- ਸਿਹਤ ਵਿਭਾਗ ਨੇ ਘਰ ਭੇਜੇ ਵਿਅਕਤੀਆਂ ਨੂੰ ਸਾਵਧਾਨੀਆਂ ਬਾਰੇ ਦੱਸਿਆ ਅਤੇ 14 ਦਿਨ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ
ਬਟਾਲਾ, 15 ਮਈ 2020 - ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਤਹਿਤ ਬਟਾਲਾ ਪ੍ਰਸ਼ਾਸਨ ਵਲੋਂ ਕੋਵਿਡ ਕੇਅਰ ਸੈਂਟਰਾਂ ਵਿੱਚ ਰਹਿ ਰਹੇ 42 ਮਰੀਜ਼ਾਂ ਨੂੰ ਅੱਜ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਘਰ ਭੇਜੇ ਗਏ ਇਨ੍ਹਾਂ ਮਰੀਜ਼ਾਂ ਵਿੱਚ ਬਹੁਗਿਣਤੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਹੈ ਜੋ ਕਿ ਕੋਰੋਨਾ ਪਾਜਿਟਿਵ ਹੋ ਗਏ ਸਨ। ਇਨ੍ਹਾਂ ਕੋਰਨਾ ਪਾਜਿਟਿਵ ਮਰੀਜ਼ਾਂ ਦਾ ਆਰ.ਆਰ. ਬਾਵਾ ਕਾਲਜ ਅਤੇ ਮਾਝਾ ਨਰਸਿੰਗ ਕਾਲਜ ਵਿਖੇ ਬਣਾਏ ਵਿਸ਼ੇਸ਼ ਕੋਵਿਡ ਕੇਅਰ ਸੈਂਟਰਾਂ ਵਿੱਚ ਇਲਾਜ ਕੀਤਾ ਜਾ ਰਿਹਾ ਸੀ ਅਤੇ ਇਨ੍ਹਾਂ 42 ਮਰੀਜ਼ਾਂ ਵਿਚੋਂ 11 ਦੇ ਨਤੀਜੇ ਹੁਣ ਨੈਗਟਿਵ ਵੀ ਆ ਗਏ ਹਨ। ਇਸ ਤੋਂ ਇਲਾਵਾ ਜਿਹੜੇ ਮਰੀਜ਼ ਅਜੇ ਪਾਜਟਿਵ ਵੀ ਹਨ ਉਨ੍ਹਾਂ ਨੂੰ ਵੀ ਕੋਰੋਨਾ ਦੀ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ ਅਤੇ ਉਹ ਵੀ ਬਿਲਕੁਲ ਤੰਦਰੁਸਤ ਹਨ। ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਕੋਰੋਨਾ ਪਾਜਿਟਵ ਮਰੀਜਾਂ ਨੂੰ 10 ਦਿਨਾਂ ਤੱਕ ਬਿਮਾਰੀ ਦਾ ਕੋਈ ਲੱਛਣ ਨਹੀਂ ਆਉਂਦਾ ਅਤੇ ਉਹ ਬਿਲਕੁਲ ਠੀਕ ਹਨ ਉਨ੍ਹਾਂ ਨੂੰ ਕੇਅਰ ਸੈਂਟਰਾਂ ਵਿਚੋਂ ਘਰ ਭੇਜ ਦਿੱਤਾ ਜਾਵੇ।
ਅੱਜ ਆਰ.ਆਰ. ਬਾਵਾ ਕਾਲਜ ਬਟਾਲਾ ਅਤੇ ਮਾਝਾ ਨਰਸਿੰਗ ਕਾਲਜ ਤੋਂ ਸਿਹਤ ਵਿਭਾਗ ਦੀਆਂ ਐਂਬੂਲੈਂਸ ਰਾਹੀਂ ਸਾਰੇ ਮਰੀਜ਼ਾਂ ਨੂੰ ਘਰੋ-ਘਰੀ ਪਹੁੰਚਾਇਆ ਗਿਆ। ਇਸ ਮੌਕੇ ਐਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਐੱਸ.ਐੱਮ.ਓ. ਬਟਾਲਾ ਡਾ. ਸੰਜੀਵ ਕੁਮਾਰ ਭੱਲਾ, ਐੱਸ.ਪੀ. ਜਸਬੀਰ ਸਿੰਘ ਰਾਏ, ਤਹਿਸੀਲਦਾਰ ਬਟਾਲਾ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਬਟਾਲਾ ਜਸਕਰਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਘਰ ਜਾ ਰਹੇ ਮਰੀਜ਼ਾਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਰਵਾਨਾ ਕੀਤਾ।
ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਨੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਤੇ ਸਭ ਤੋਂ ਛੋਟੀ ਉਮਰ ਦੀ ਇੱਕ ਬੱਚੀ ਨੂੰ ਹਾਰ ਪਾ ਕੇ ਉਨ੍ਹਾਂ ਦੀ ਨਿਰੋਈ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਘਰ ਭੇਜੇ ਜਾ ਰਹੇ ਸਾਰੇ ਹੀ ਮਰੀਜ਼ ਤੰਦਰੁਸਤ ਹਨ ਅਤੇ ਕਿਸੇ ਵਿੱਚ ਵੀ ਕੋਰੋਨਾ ਦਾ ਕੋਈ ਮਾਰੂ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਘਰ ਭੇਜੇ ਇਹ ਵਿਅਕਤੀ ਆਪਣੇ ਘਰਾਂ ਵਿੱਚ ਹੀ ਰਹਿਣਗੇ ਅਤੇ ਘਰਾਂ ਵਿੱਚ ਵੀ ਇਹ ਦੂਜੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਕੇ ਸਿਹਤ ਵਿਭਾਗ ਦੀਆਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਦੇ ਮੋਬਾਇਲਾਂ ਵਿੱਚ ਕੋਵਾ ਐਪ ਡਾਊਨਲੋਡ ਕਰ ਦਿੱਤੀ ਗਈ ਹੈ ਤਾਂ ਜੋ ਇਹ ਸਿਹਤ ਵਿਭਾਗ ਦੀਆਂ ਹਦਾਇਤਾਂ ਤੋਂ ਜਾਣੂ ਹੁੰਦੇ ਰਹਿਣ।
ਇਸ ਮੌਕੇ ਐੱਸ.ਐਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਸਾਰੇ ਮਰੀਜ਼ਾਂ ਨੂੰ ਸਾਵਧਾਨੀਆਂ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਖਾਸ ਹਦਾਇਤ ਕੀਤੀ ਕਿ ਉਹ 14 ਦਿਨ ਆਪਣੇ ਘਰਾਂ ਅੰਦਰ ਹੀ ਰਹਿਣ। ਉਨ੍ਹਾਂ ਕਿਹਾ ਕਿ ਹੱਥਾਂ ਨੂੰ ਬਾਰ-ਬਾਰ ਧੋਤਾ ਜਾਵੇ ਅਤੇ ਦੂਸਰੇ ਵਿਅਕਤੀ ਤੋਂ ਘਟੋ-ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਸਾਰੇ ਮਰੀਜ਼ਾਂ ਨਾਲ ਰਾਬਤਾ ਰੱਖਿਆ ਜਾਵੇਗਾ ਅਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਜਾਵੇਗਾ। ਡਾ. ਭੱਲਾ ਨੇ ਕਿਹਾ ਕਿ ਇਹ ਸਾਰੇ ਮਰੀਜ਼ ਬਿਲਕੁਲ ਠੀਕ ਹਨ ਅਤੇ ਆਪਣੇ ਘਰਾਂ ਵਿੱਚ ਜਾਣ ਕਰਕੇ ਇਨ੍ਹਾਂ ਦੀ ਸਿਹਤ ਉੱਪਰ ਹੋਰ ਵੀ ਚੰਗਾ ਪ੍ਰਭਾਵ ਪਵੇਗਾ।
ਉੱਧਰ ਆਪਣੇ ਘਰਾਂ ਵਿੱਚ ਵਾਪਸ ਜਾ ਸਾਰੇ ਮਰੀਜ਼ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਕੋਵਿਡ ਕੇਅਰ ਸੈਂਟਰਾਂ ਵਿੱਚ ਕੀਤੇ ਇਲਾਜ ਤੇ ਖਾਤਰਦਾਰੀ ਉੱਪਰ ਪੂਰੀ ਤਰਾਂ ਤਸੱਲੀ ਪ੍ਰਗਟ ਕੀਤੀ।