ਚੰਡੀਗੜ੍ਹ, 25 ਮਈ 2020 - ਪੰਜਾਬ ਅੰਦਰ ਫਿਲਮਾਂ, ਗੀਤਾਂ ਆਦਿ ਦੀ ਸ਼ੂਟਿੰਗ ਕਰਨ ਸਬੰਧੀ ਆਗਿਆ ਲੈਣ ਲਈ ਪੰਜਾਬ ਦੇ ਫਿਲਮ ਪ੍ਰੋਡਿਊਸਰਾਂ, ਮਿਊਜ਼ਿਕ ਕੰਪਨੀਆਂ ਨੇ ਹੁਣ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਦਾ ਕੰਮ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਫਿਲਮਾਂ, ਗੀਤ, ਮਸ਼ਹੂਰੀਆਂ ਆਦਿ ਦਾ ਕੰਮ ਬੰਦ ਪਿਆ ਹੈ ਅਤੇ ਇਸ ਨਾਲ ਜੁੜੇ ਹਜ਼ਾਰਾਂ ਦੀ ਗਿਣਤੀ 'ਚ ਮਜਦੂਰ ਵਿਹਲੇ ਬੈਠੇ ਹਨ ਅਤੇ ਰੋਟੀ ਲਈ ਦਰ ਦਰ ਭਟਕਣ ਲਈ ਮਜਬੂਰ ਹਨ।
ਉਨ੍ਹਾਂ ਮੰਗ ਕੀਤੀ ਕਿ ਜਿਸ ਤਰ੍ਹਾਂ ਹੁਣ ਪੰਜਾਬ 'ਚ ਫਰੰਟਲਾਈਨ ਯੋਧਿਆਂ ਦੀ ਮਦਦ ਨਾਲ ਕੋਰੋਨਾ 'ਤੇ ਦਿਨੋ ਦਿਨ ਕਾਬੂ ਪਾਇਆ ਜਾ ਰਿਹਾ ਹੈ ਅਤੇ ਇਸੇ ਨੂੰ ਦੇਖਦਿਆਂ ਸਰਕਾਰ ਵੱਲੋਂ ਪੰਜਾਬ ਅੰਦਰ ਕਈ ਉਦਯੋਗ ਚਲਾਉਣ ਲਈ ਢਿੱਲ ਦੇ ਦਿੱਤੀ ਹੈ, ਉਵੇਂ ਹੀ ਫਿਲਮਾਂ, ਗੀਤ ਸ਼ੂਟ ਕਰਨੇ, ਮਸ਼ਹੂਰੀਆਂ ਬਣਾਉਣ ਆਦਿ ਨੂੰ ਵੀ ਆਗਿਆ ਦਿੱਤੀ ਜਾਵੇ।
ਇਸ ਸਬੰਧ 'ਚ ਸਮੁੱਚੀਆਂ ਫਿਲਮ ਐਸੋਸੀਏਸ਼ਨਾਂ ਵੱਲੋਂ ਮੁੱਖ ਮੰਤਰੀ ਕੋਲ ਕੁਝ ਸੁਝਾਅ ਵੀ ਪੇਸ਼ ਕੀਤੇ ਗਏ ਹਨ , ਜਿੰਨ੍ਹਾਂ ਨੂੰ ਮੁੱਖ ਰੱਖਦਿਆਂ ਉਹ ਆਪਣੇ ਕੰਮ ਨੂੰ ਦੁਬਾਰਾ ਸ਼ੁਰੂ ਕਰਾਉਣਾ ਚਾਹੁੰਦੇ ਹਨ। ਜਿਸ 'ਚ ਸੋਸ਼ਲ ਡਿਸਟੈਂਸਿੰਗ, ਸਾਫ ਸਫਾਈ, ਸੈਨੇਟਾਈਜ਼ਿੰਗ, ਆਦਿ ਅਜਿਹੀਆਂ ਸਾਵਧਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਨਾਲ ਕੋਵਿਡ ਮਹਾਂਮਾਰੀ ਤੋਂ ਬਚਿਆ ਜਾ ਸਕੇ। ਸਬੰਧਤ ਚਿੱਠੀ ਪੜ੍ਹਨ ਲਈ ਨਾਲ ਨੱਥੀ ਪੀ.ਡੀ.ਐਫ 'ਤੇ ਕਲਿੱਕ ਕਰੋ :