ਦਿਨੇਸ਼
ਗੁਰਦਾਸਪੁਰ, 10 ਜੂਨ 2020 - ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕੋ ਦਿਨ ਵਿੱਚ 13 ਨਵੇਂ ਕੋਰੋਨਾ ਐਕਟਿਵ ਕੇਸਾਂ ਦੀ ਤਸਦੀਕ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਅੰਦਰ 17 ਐਕਟਿਵ ਕੇਸ ਮੌਜੂਦ ਸਨ। ਪਰ ਬੀਤੇ ਮੰਗਲਵਾਰ ਨੂੰ ਬਟਾਲਾ ਵਿਖੇ 3 ਮਰੀਜ਼ਾਂ ਦੇ ਡਿਸਚਾਰਜ ਹੋਣ ਮਗਰੋਂ ਜ਼ਿਲ੍ਹੇ ਅੰਦਰ ਐਕਟਿਵ ਮਰੀਜ਼ਾਂ ਦੀ ਤਾਦਾਦ 14 ਰਹਿ ਗਈ ਸੀ। ਪਰ ਬੁੱਧਵਾਰ ਨੂੰ ਸਿਹਤ ਵਿਭਾਗ ਦੀਆਂ ਰਿਪੋਰਟਾਂ ਮੁਤਾਬਿਕ 13 ਨਵੇਂ ਕੋਰੋਨਾ ਐਕਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਿਸ ਨਾਲ ਜ਼ਿਲ੍ਹੇ ਅੰਦਰ ਕੁੱਲ ਐਕਟਿਵ ਕੇਸਾਂ ਦੀ ਗਿਣਤੀ 27 ਹੋ ਚੁੱਕੀ ਹੈ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਅੱਜ ਬੁੱਧਵਾਰ ਨੂੰ ਐਕਟਿਵ ਪਾਏ ਗਏ ਲਗਭਗ ਸਾਰੇ ਕੇਸ ਜ਼ਿਲ੍ਹੇ ਭਰ ਦੇ ਵੱਖ ਵੱਖ ਸ਼ਹਿਰਾਂ ਦੀਆਂ ਸੰਘਣੀਆਂ ਅਬਾਦੀਆਂ ਵਿਖੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਇਸੇ ਕਾਰਨ ਸਥਾਨਕ ਪੱਧਰ ਤੇ ਕੋਰੋਨਾ ਵਾਇਰਸ ਦੀ ਸਥਿਤੀ ਗੰਭੀਰ ਹੁੰਦੀ ਵਿਖਾਈ ਦੇ ਰਹੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੁੱਲ 13 ਨਵੇਂ ਕੋਰੋਨਾ ਐਕਟਿਵ ਕੇਸ ਪਾਏ ਗਏ ਹਨ। ਜਿਨ੍ਹਾਂ ਵਿੱਚ 1 ਕੇਸ ਗੁਰਦਾਸਪੁਰ ਤੋਂ , 1 ਪਿੰਡ ਅੰਮੋਨੰਗਲ (ਬਟਾਲਾ), 2 ਕਸਬਾ ਧਾਰੀਵਾਲ ਅਤੇ 9 ਹੋਰ ਕੇਸ ਸ਼ੁਕਰ ਪੁਰਾ, ਬਟਾਲਾ ਤੋਂ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਅੰਦਰ 14 ਐਕਟਿਵ ਕੇਸ ਪਹਿਲਾਂ ਤੋਂ ਹੀ ਮੌਜੂਦ ਸਨ ਅਤੇ ਨਵੇਂ ਪਾਏ ਗਏ 13 ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ ਅੰਦਰ ਕੁੱਲ ਐਕਟਿਵ ਕੇਸਾਂ ਦੀ ਗਿਣਤੀ 27 ਹੋ ਚੁੱਕੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਨ, ਤਾਂ ਜੋ ਇਸ ਨਾ ਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।
ਇੱਥੇ ਦੱਸਦੇ ਚੱਲੀਏ ਕੀ ਬਾਬੂਸ਼ਾਹੀ ਡਾਟ ਕਾਮ ਵੱਲੋਂ ਮੰਗਲਵਾਰ ਨੂੰ ਵੀ ਲੋਕਲ ਪੱਧਰ ਤੇ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ। ਕਿਉਂ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਅਤੇ ਬਟਾਲਾ ਵਿਖੇ ਪਾਏ ਗਏ ਕੋਰੋਨਾ ਐਕਟਿਵ ਮਰੀਜ਼ ਸੰਘਣੀ ਅਬਾਦੀ ਵਿਖੇ ਰਹਿਣ ਵਾਲੇ ਹਨ ਅਤੇ ਇਹਨਾਂ ਲੋਕਾਂ ਦੇ ਕਾਰੋਬਾਰ ਵੀ ਸੰਘਣੀ ਅਬਾਦੀ ਵਾਲੇ ਖੇਤਰਾਂ ਵਿਖੇ ਸਥਾਪਿਤ ਹਨ। ਇਸ ਲਈ ਇਹਨਾਂ ਲੋਕਾਂ ਵੱਲੋਂ ਅਨਜਾਣੇ ਵਿੱਚ ਹੀ ਸਹੀ, ਪਰ ਵੱਡੀ ਤਾਦਾਦ ਵਿੱਚ ਆਸ ਪਾਸ ਦੇ ਲੋਕਾਂ ਨੂੰ ਇਨਫੈਕਟ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਿਹਾ ਜਾ ਸਕਦਾ ਹੈ। ਕਿ ਹੁਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੋਰੋਨਾ ਵਾਇਰਸ ਸਬੰਧੀ ਸਥਿਤੀ ਪਹਿਲਾਂ ਨਾਲੋਂ ਹੋਰ ਵਿਗੜਦੀ ਨਜ਼ਰ ਆ ਰਹੀ ਹੈ। ਉੱਥੇ ਦੂਜੇ ਪਾਸੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਇਸ ਸਥਿਤੀ ਨਾਲ ਨਜਿੱਠਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ।