ਦੇਖੋ , ਕਿਵੇਂ ਕੋਰੋਨਾ ਨੇ ਪਾਕਿਸਤਾਨੀ ਹਿੰਦੂ ਕੁੜੀਆਂ ਦੇ ਵਿਆਹ
ਪਾਕਿਸਤਾਨੀ ਮੰਗੇਤਰ ਵੱਲੋਂ ਭਾਰਤ-ਪਾਕਿਸਤਾਨ ਸਰਕਾਰ ਤੋਂ ਵਿਆਹ ਲਈ ਬਾਰਡਰ ਖੋਲ੍ਹਣ ਦੀ ਕੀਤੀ ਅਪੀਲ
ਚੌਧਰੀ ਮਨਸੂਰ ਘਨੋਕੇ
ਕਾਦੀਆਂ 23 ਜੂਨ
ਕਰੋਵਾਨਾਵਾਇਰਸ ਦੇ ਚਲਦੀਆਂ ਜਿੱਥੇ ਪੂਰੇ ਸੰਸਾਰ ਚ ਮਾੜਾ ਅਸਰ ਪਿਆ ਹੈ ਉੱਥੇ ਭਾਰਤ-ਪਾਕਿਸਤਾਨ ਦੇ ਲੋਕਾਂ ਦੇ ਵਿਚਕਾਰ ਹੋਣ ਵਾਲੇ ਵਿਆਹਾਂ ਤੇ ਵੀ ਅਸਰ ਪਿਆ ਹੈ। ਪਾਕਿਸਤਾਨ ਦੀਆਂ ਦੋ ਹਿੰਦੂ ਪਰਿਵਾਰਾਂ ਨਾਲ ਸਬੰਧਿਤ ਮੁਟਿਆਰਾਂ ਦੇ ਵਿਆਹ ਜੋ ਪੰਜਾਬ ਚ ਹੋਣੇ ਸਨ ਉਹ ਕਰੋਨਾਵਾਇਰਸ ਦੇ ਚਲਦੀਆਂ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਰੁਕੇ ਹੋਏ ਹਨ। ਪਾਕਿਸਤਾਨ ਦੀ ਸਮਾਈਲਾ (35) ਜੋਕਿ ਯੁਹਾਨਾਬਾਦ ਲਾਹੌਰ ਦੀ ਰਹਿਣ ਵਾਲੀ ਹੈ ਨੇ ਫ਼ੋਨ ਤੇ ਦੱਸਿਆ ਹੈ ਕਿ ਉਹਦੀ ਮੰਗਣੀ ਕਮਲ ਕਲਿਆਣ ਪੁੱਤਰ ਓਮ ਪ੍ਰਕਾਸ਼ ਮਧੂਬਨ ਕਾਲੋਨੀ, ਰਾਜ ਨਗਰ ਜਲੰਧਰ ਨਾਲ ਹੋਈ ਹੈ। ਕਮਲ ਦੇ ਪਿਤਾ ਓਮ ਪ੍ਰਕਾਸ਼ ਉਸਦੇ ਰਿਸ਼ਤੇ ਚ ਮਾਮਾ ਲਗਦੇ ਹਨ। 2015 ਚ ਉਸਦੇ ਭਰਾ ਦੇ ਵਿਆਹ ਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਪਰ ਵੀਜ਼ਾ ਨਾ ਮਿਲਣ ਕਾਰਨ ਉਸਦੇ ਮਾਮਾ ਪਾਕਿਸਤਾਨ ਨਹੀਂ ਆ ਸਕੇ। ਪਰ ਇਨ੍ਹਾਂ ਪਰਿਵਾਰਾਂ ਦਾ ਆਪਸ ਚ ਬਾਕਾਇਦਾ ਸੰਪਰਕ ਸ਼ੁਰੂ ਹੋ ਗਿਆ। ਕਮਲ ਕਲਿਆਣ ਅਤੇ ਸਮਾਈਲਾ ਦੀ ਵੀ ਆਪਸ ਚ ਗੱਲਬਾਤ ਹੋਈ ਅਤੇ ਦੋਨਾਂ ਨੇ ਇੱਕ ਦੂਜੇ ਨੂੰ ਆਪਣੇ ਵ੍ਹਟਸਐਪ ਨੰਬਰਾਂ ਦਾ ਆਦਾਨ ਪ੍ਰਦਾਨ ਕੀਤਾ। ਹੌਲੀ -ਹੌਲੀ ਇਨ੍ਹਾਂ ਦੀ ਆਪਸੀ ਦੀ ਗੱਲਬਾਤ ਕਦੋਂ ਪਿਆਰ ਚ ਬਦਲ ਗਈ ਇਸ ਦਾ ਪਤਾ ਨਹੀਂ ਚੱਲਿਆ।
ਸਮਾਈਲਾ , ਲਾਹੌਰ
ਦੋਵਾਂ ਨੇ ਇੱਕ ਦੂਜੇ ਨਾਲ ਜੀਣ ਮਰਨ ਦਾ ਫ਼ੈਸਲਾ ਕਰ ਲਿਆ। ਦੋਵਾਂ ਨੇ ਆਪਣੀ ਇੱਛਾ ਦਾ ਇਜ਼ਹਾਰ ਆਪੋ-ਆਪਣੇ ਪਰਿਵਾਰਾਂ ਨਾਲ ਕੀਤਾ ਜਿਸ 'ਤੇ ਦੋਵੇਂ ਪਰਿਵਾਰਾਂ ਨੇ ਇਸ ਰਿਸ਼ਤੇ ਲਈ ਆਪਣੀ ਸਹਿਮਤੀ ਦੇ ਦਿੱਤੀ। ਵੀਜ਼ੇ ਦੀ ਕਾਰਵਾਈ ਲਈ ਕਮਲ ਦੇ ਪਿਤਾ ਓਮ ਪ੍ਰਕਾਸ਼ ਨੇ ਆਪਣੀ ਨੂੰਹ ਅਤੇ ਉਸਦੇ ਪਰਿਵਾਰ ਲਈ ਭਾਰਤੀ ਵੀਜ਼ੇ ਲਈ ਸਪਾਂਸਰਸ਼ਿਪ ਤਿਆਰ ਕਰ ਲਈ ਹੈ ਪਰ ਦੋਵੇਂ ਦੇਸ਼ਾਂ ਚ ਕਰੋਨਾਵਾਇਰਸ ਕਾਰਨ ਆਵਾਜਾਈ ਬੰਦ ਹੋਣ ਕਾਰਨ ਵੀਜ਼ੇ ਦੀ ਕਾਰਵਾਈ ਰੁਕੀ ਪਈ ਹੈ।
ਕਮਲ ਕਲਿਆਣ ,ਜਲੰਧਰ
ਸਮਾਈਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਜੈ ਸ਼ੰਕਰ ਅਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਤੋਂ ਅਪੀਲ ਕੀਤੀ ਹੈ ਕਿ ਉਦਾਸ ਵਿਆਹ ਭਾਰਤ ਚ ਕਮਲ ਨਾਲ ਹੋਣਾ ਹੈ। ਇਸ ਲਈ ਉਸਨੂੰ ਉਸਦੇ ਪਰਿਵਾਰ ਸਮੇਤ ਭਾਰਤ ਆਉਣ ਲਈ ਵੀਜ਼ਾ ਦਿੱਤਾ ਜਾਵੇ। ਸਮਾਈਲਾ ਨੇ ਇਹ ਵੀ ਕਿਹਾ ਹੈ ਕਿ ਉਸਦੀ ਮਾਂ ਠੀਕ ਨਹੀਂ ਰਹਿੰਦੀ ਹੈ। ਉਸ ਦੀਆਂ ਛੋਟੀ ਭੈਣਾਂ ਵੀ ਹਨ ਜੋ ਉਸਦੇ ਕਰਕੇ ਵਿਆਹ ਨਹੀਂ ਕਰਵਾ ਰਹੀਆਂ ।
ਉਨ੍ਹਾਂ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਤੁਰੰਤ ਵੀਜ਼ਾ ਦਿੱਤੇ ਜਾਣ ਲਈ ਭਾਰਤੀ ਦੂਤਾਵਾਸ ਇਸਲਾਮਾਬਾਦ ਨੂੰ ਨਿਰਦੇਸ਼ ਜਾਰੀ ਕਰੇਗੀ।
ਦੂਜੇ ਪਾਸੇ ਕਮਲ ਨੇ ਵੀ ਗੱਲਬਾਤ ਦੌਰਾਨ ਕਿਹਾ ਹੈ ਕਿ ਉਨ੍ਹਾਂ ਨੇ ਵੀਜ਼ੇ ਲਈ ਲੋੜੀਂਦੇ ਕਾਗ਼ਜ਼ਾਤ ਤਿਆਰ ਕਰਵਾ ਦਿੱਤੇ ਹਨ ਜੋ ਪਾਕਿਸਤਾਨ ਚ ਆਪਣੀ ਮੰਗੇਤਰ ਨੂੰ ਵੀਜ਼ੇ ਲਈ ਭੇਜਣੇ ਹਨ। ਪਰ ਦੋਵੇਂ ਦੇਸ਼ਾਂ ਦੇ ਬਾਰਡਰ ਬੰਦ ਹੋਣ ਕਾਰਨ ਭੇਜ ਨਹੀਂ ਸਕਦੇ। ਉਨ੍ਹਾਂ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸਦੀ ਮੰਗੇਤਰ ਸਮਾਈਲਾ ਅਤੇ ਉਸਦੇ ਪਰਿਵਾਰ ਨੂੰ ਭਾਰਤ ਆਉਣ ਦਾ ਵੀਜ਼ਾ ਦਿੱਤਾ ਜਾਵੇ।
ਇਸੇ ਤਰ੍ਹਾਂ ਹੀ ਇੱਕ ਹੋਰ ਅਜਿਹੇ ਮਾਮਲੇ ਚ ਸ਼੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਅਮਿਤ ਸਪੁੱਤਰ ਰਮੇਸ਼ ਦਾ ਰਿਸ਼ਤਾ ਕਰਾਚੀ ਦੀ ਰਹਿਣ ਵਾਲੀ ਸੁਮਨ ਨਾਲ ਤੈਅ ਹੋ ਚੁਕਾ ਹੈ। ਹੁਣ ਵੀਜ਼ਾ ਕਾਰਵਾਈ ਨੂੰ ਲੈ ਕੇ ਅਮਿਤ਼ ਨੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾਣਾ ਹੈ। ਪਰ ਕੋਰੋਨਾ ਲਾਕ ਡਾਊਨ ਕਰ ਕੇ ਭਾਰਤ-ਪਾਕਿਸਤਾਨ ਦੇ ਲੋਕਾਂ ਵਿਚਕਾਰ ਹੋਣ ਵਾਲੇ ਵਿਆਹ ਰੁਕੇ ਹੋਏ ਹਨ।
ਇਨ੍ਹਾਂ ਦੋਹਾਂ ਪਾਕਿਸਤਾਨੀ ਮੁਟਿਆਰਾਂ ਨੇ ਕਾਦੀਆਂ ਦੇ ਚੌਧਰੀ ਮਕਬੂਲ ਅਹਿਮਦ ਤੋਂ ਸਹਿਯੋਗ ਦੀ ਮੰਗ ਕੀਤੀ ਹੈ .
ਚੌਧਰੀ ਮਕਬੂਲ ਅਹਿਮਦ ਉਹ ਕਾਦੀਆਂ ਦੇ ਵਾਸੀ ਪੰਜਾਬੀ ਭਾਰਤੀ ਹਨ ਜਿਸਦਾ ਦਾ ਵਿਆਹ ਦਸੰਬਰ 2003 ਫ਼ੈਸਲਾਬਾਦ ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਹੋਇਆ ਸੀ ਅਤੇ ਇਹ ਜੋੜੀ ਦੁਨੀਆ ਭਰ ਦੀ ਮੀਡੀਆ ਚ ਚਰਚਾ ਦਾ ਵਿਸ਼ੇ ਬਣੀ ਸੀ। ਅਕਸਰ ਹੀ ਕਈ ਭਾਰਤ-ਪਾਕਿਸਤਾਨ ਚ ਇੱਕ ਦੂਜੇ ਮੁਲਕ 'ਚ ਵਿਆਹੇ ਜਾਣ ਵਾਲੇ ਪਰਿਵਾਰ ਇਨ੍ਹਾਂ ਨਾਲ ਸੰਪਰਕ ਕਰਕੇ ਵੀਜ਼ੇ ਅਤੇ ਹੋਰ ਲੋੜੀਂਦੀ ਕਾਰਵਾਈ ਕਰਨ ਲਈ ਮਦਦ ਮੰਗਦੇ ਹਨ।
ਮਕਬੂਲ ਅਹਿਮਦ ,
ਮਕਬੂਲ ਅਹਿਮਦ ਵੱਲੋਂ ਪਿਛਲੇ ਸਾਲ ਪਾਕਿਸਤਾਨ ਦੇ ਸਿਆਲਕੋਟ ਦੀ ਰਹਿਣ ਵਾਲੀ ਕਿਰਨ ਜਿਸ ਦਾ ਵਿਆਹ ਪਰਵਿੰਦਰ ਸਿੰਘ ਨਾਲ ਹੋਇਆ ਸੀ ਤੋਂ ਭਾਰਤ ਚ ਆਕੇ ਵਿਆਹ ਕਰਵਾਉਣ ਲਈ ਮਦਦ ਮੰਗੀ ਸੀ। ਵੀਜ਼ੇ ਤੋਂ ਲੈਕੇ ਵਿਆਹ ਤੱਕ ਦੇ ਲਈ ਮਕਬੂਲ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ ਸੀ। ਉਹ ਲਗਪਗ ਅੱਧੀ ਦਰਜਨ ਤੋਂ ਵੀ ਵੱਧ ਪਾਕਿਸਤਾਨੀ ਦੁਲਹਨਾਂ ਨੂੰ ਭਾਰਤ ਆਉਣ ਲਈ ਵੀਜ਼ੇ ਦੀ ਕਾਰਵਾਈ ਲਈ ਸਹਿਯੋਗ ਦੇ ਚੁੱਕੇ ਹਨ। ਹੁਣ ਲਾਹੌਰ ਦੀ ਸਮਾਈਲਾ ਅਤੇ ਕਰਾਚੀ ਦੀ ਸੁਮਨ ਨੇ ਵੀ ਆਪਣੇ ਵਿਆਹ ਲਈ ਭਾਰਤੀ ਵੀਜ਼ੇ ਦੇ ਲਈ ਇਨ੍ਹਾਂ ਨਾਲ ਸੰਪਰਕ ਕਰਕੇ ਮਦਦ ਕਰਨ ਲਈ ਬੇਨਤੀ ਕੀਤੀ ਹੈ। ਚੌਧਰੀ ਮਕਬੂਲ ਅਹਿਮਦ ਨੇ ਦੱਸਿਆ ਹੈ ਕਿ ਉਹ ਇਨ੍ਹਾਂ ਕੇਸਾਂ 'ਚ ਆਪਣੀ ਪੂਰੀ ਮਦਦ ਦੇਣਗੇ ਕਿਉਂਕਿ ਉਹ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਕੇ ਖ਼ੁਸ਼ੀ ਅਤੇ ਮਾਨ ਮਹਿਸੂਸ ਕਰਦੇ ਹਨ ।
ਅਜਿਹੀਆਂ ਹੋਰ ਖ਼ਬਰਾਂ ਪੜ੍ਹਨ ਲਈ ਕਲਿੱਕ ਕਰੋ :