ਹਰਿੰਦਰ ਨਿੱਕਾ
- ਗਰੁੱਪਾਂ ਦੀਆਂ ਬੀਬੀਆਂ ਨੇ ਬਣਾਈਆਂ ਨਿਵੇਕਲੀਆਂ ਰੱਖੜੀਆਂ
- ਮਾਸਕ ਪਾਉਣ, ਹੱਥ ਧੋਣ, ਸਮਾਜਿਕ ਦੂਰੀ ਤੇ ਮਿਸ਼ਨ ਫਤਿਹ ਦਾ ਦਿੱਤਾ ਸੁਨੇਹਾ
ਸਹਿਣਾ/ਬਰਨਾਲਾ, 30 ਜੁਲਾਈ 2020 - ਭੈਣ-ਭਰਾ ਦੀ ਗੂੜ੍ਹੀ ਸਾਂਝ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਕਰੋਨਾ ਵਾਇਰਸ ਤੋਂ ਬਚਾਅ ਦਾ ਹੋਕਾ ਦਿੱਤਾ ਜਾ ਰਿਹਾ ਹੈ, ਜਿਸ ਵਾਸਤੇ ਕੁਝ ਗਰੁੱਪਾਂ ਦੀਆਂ ਬੀਬੀਆਂ ਵੱਲੋਂ ਰੱਖੜੀਆਂ ’ਤੇ ਕਰੋਨਾ ਸਾਵਧਾਨੀਆਂ ਉਕਰੀਆਂ ਗਈਆਂ ਹਨ ਤਾਂ ਜੋ ਮਾਸਕ ਪਾਉਣ, ਹੱਥ ਧੋਣ ਅਤੇ ਸਮਾਜਿਕ ਦੂਰੀ ਰੱੱਖਣ ਦਾ ਸੁਨੇਹਾ ਦਿੱਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਬਲਾਕ ਸ਼ਹਿਣਾ ਦੇ ਦੋ ਸੈਲਫ ਹੈਲਪ ਗਰੁੱਪਾਂ ਬਾਬਾ ਨਾਨਕ ਅਜੀਵਿਕਾ ਸੈਲਫ ਹੈਲਪ ਗਰੁੱਪ ਟੱਲੇਵਾਲ ਅਤੇ ਬੇਬੇ ਨਾਨਕੀ ਅਜੀਵਿਕਾ ਗਰੁੱਪ ਤਲਵੰਡੀ ਵੱਲੋਂ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਕਰੋਨਾ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਦਾ ਸੁਨੇਹਾ ਦਿੱੱਤਾ ਜਾ ਰਿਹਾ ਹੈ। ਟੱਲੇਵਾਲ ਗਰੁੱਪ ਦੀ ਮੈਂਬਰ ਕੁੁਲਵਿੰਦਰ ਕੌਰ ਅਤੇ ਤਲਵੰਡੀ ਗਰੁੱਪ ਦੀ ਮੈਂਬਰ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੱਖੜੀਆਂ ਰਾਹੀਂ ਮਾਸਕ ਪਾਉਣ, ਹੱਥ ਧੋਣ, ਸਮਾਜਿਕ ਦੂਰੀ ਰੱਖਣ ਤੇ ਮਿਸ਼ਨ ਫਹਿਤ ਬਾਰੇ ਸੁਨੇਹਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਤੇ ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਗਰੁੱਪਾਂ ਦੀਆਂ ਮੈਂਬਰਾਂ ਵੱਲੋਂ ਦਰਜਨਾਂ ਅਜਿਹੀਆਂ ਰੱਖੜੀਆਂ ਬਣਾਈਆਂ ਗਈਆਂ ਹਨ ਅਤੇ ਉਹ ਹੋਰ ਗਰੁੱਪਾਂ ਨੂੰ ਵੀ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਕਰੋਨਾ ਵਾਇਰਸ ਤੋਂ ਬਚਾਅ ਕਰਦੇ ਹੋਏ ਰੱਖੜੀ ਦਾ ਤਿਉਹਾਰ ਮਨਾਇਆ ਜਾ ਸਕੇ।