ਹਰਿੰਦਰ ਨਿੱਕਾ
ਬਰਨਾਲਾ, 30 ਜੁਲਾਈ 2020 - ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧਦਾ ਹੋਣ ਕਾਰਣ ਲੋਕਾਂ ਲਈ ਖਤਰਾ ਵੀ ਹਰ ਦਿਨ ਵਧਦਾ ਹੀ ਜਾ ਰਿਹਾ ਹੈ। ਜ਼ਿਲ੍ਹੇ ਦੀਆਂ ਰਹਿਣ ਵਾਲੀਆਂ 2 ਕੋਰੋਨਾ ਪਾਜ਼ੀਟਿਵ ਮਰੀਜ਼ ਔਰਤਾਂ ਦੀ ਮੌਤ ਵੀ ਹੋ ਗਈ। ਜਦੋਂ ਕਿ ਜਿਲ੍ਹੇ ਦੇ 11 ਹੋਰ ਮਰੀਜ਼ਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਮ੍ਰਿਤਕ ਔਰਤਾਂ ਵਿੱਚੋਂ ਇੱਕ ਮਹਿਲ ਕਲਾਂ ਬਲਾਕ ਦੇ ਪਿੰਡ ਲੋਹਗੜ੍ਹ ਦੀ ਰਹਿਣ ਵਾਲੀ ਕਰੀਬ 52 ਵਰ੍ਹਿਆਂ ਦੀ ਪਰਮਜੀਤ ਕੌਰ ਹੈ। ਜਿਹੜੀ ਰਾਏਕੋਟ ਤਹਿਸੀਲ ਦੇ ਪਿੰਡ ਕਾਲਸਾਂ ਦੇ ਪ੍ਰਾਇਮਰੀ ਹੈਲਥ ਸੈਂਟਰ 'ਚ ਬਤੌਰ ਏ.ਐਨ.ਐਮ. ਡਿਊਟੀ ਤੇ ਤਾਇਨਾਤ ਸੀ।
ਜਦੋਂ ਦੂਸਰੀ ਕੋਰੋਨਾ ਪਾਜ਼ੀਟਿਵ ਮ੍ਰਿਤਕ ਔਰਤ ਅੰਗਰੇਜ ਕੌਰ ਉਮਰ ਕਰੀਬ 65 ਸਾਲ ਪਤਨੀ ਗੁਲਜਾਰ ਸਿੰਘ ਬਲਾਕ ਧਨੌਲਾ ਦੇ ਪਿੰਡ ਉੱਪਲੀ ਦੀ ਰਹਿਣ ਵਾਲੀ ਹੈ। ਸਿਹਤ ਵਿਭਾਗ ਮਹਿਲ ਕਲਾਂ ਅਤੇ ਧਨੌਲਾ ਦੇ ਅਧਿਕਾਰੀਆਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੋਵਿਡ 19 ਦੇ ਇਹਤਿਆਤੀ ਨਿਯਮਾਂ ਅਨੁਸਾਰ ਅੰਤਿਮ ਸੰਸਕਾਰ ਵੀ ਦੇਰ ਸ਼ਾਮ ਕਰ ਦਿੱਤਾ ਗਿਆ ਹੈ।
ਉੱਧਰ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਪੁੱਛਣ ਤੇ ਕਿਹਾ ਕਿ ਦੋਵਾਂ ਔਰਤਾਂ ਦੀ ਮੌਤ ਸਬੰਧੀ ਹਾਲੇ ਅਧਿਕਾਰਿਤ ਤੌਰ ਤੇ ਕੋਈ ਸੂਚਨਾ ਉਨਾਂ ਕੋਲ ਨਹੀਂ ਪਹੁੰਚੀ। ਕਿਉਂਕਿ ਦੋਵੇਂ ਔਰਤਾਂ ਦਾ ਇਲਾਜ਼ ਕ੍ਰਮਾਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ ਅਤੇ ਡੀਐਮਸੀ ਲੁਧਿਆਣਾ ਵਿਖੇ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਹਾਲੇ ਤੱਕ ਇਨ੍ਹਾਂ ਦੀ ਕੋਈ ਕੰਨਟੈਕਟ ਹਿਸਟਰੀ ਦਾ ਪੂਰਾ ਪਤਾ ਨਹੀਂ ਲੱਗ ਸਕਿਆ। ਸ਼ੁੱਕਰਵਾਰ ਸਵੇਰ ਤੱਕ ਇਨ੍ਹਾਂ ਦੋਵਾਂ ਔਰਤਾਂ ਬਾਰੇ ਜਾਣਕਾਰੀ ਉਪਲੱਭਧ ਹੋ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਵੀਰਵਾਰ ਨੂੰ ਪ੍ਰਾਪਤ ਰਿਪੋਰਟ 'ਚ ਵੀ ਜਿਲ੍ਹੇ ਦੇ 11 ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ 'ਚ ਜ਼ਿਲ੍ਹਾ ਜੇਲ੍ਹ ਦੇ ਬੰਦੀ ਮੁਹੰਮਦ ਨਸੀਮ ਤੋਂ ਇਲਾਵਾ 2 ਜਣੇ ਸੰਘੇੜਾ,ਸ਼ਹਿਣਾ,ਤਪਾ ਤੇ ਰਾਜੀਆ ਦਾ 1/1/1 , ਬਰਨਾਲਾ ਸ਼ਹਿਰ ਦੀ ਆਸਥਾ ਕਲੋਨੀ ਅਤੇ ਐਸਏਐਸ ਨਗਰ ਦਾ 1/1 ਮਰੀਜ਼ ਵੀ ਸ਼ਾਮਿਲ ਹੈ। ਪਾਜ਼ੀਟਿਵ ਮਰੀਜਾਂ 'ਚ 2 ਔਰਤਾਂ ਵੀ ਸ਼ਾਮਿਲ ਹਨ।