ਫਿਰੋਜ਼ਪੁਰ, 31 ਜੁਲਾਈ 2020 - ਫਿਰੋਜ਼ਪੁਰ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋ ਸੀਐੱਚਸੀ ਫਿਰੋਜ਼ਸ਼ਾਹ ਅਧੀਨ ਆਉਂਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਬਣੇ ਮੈਰੀਟੋਰੀਅਸ ਸਕੂਲ ਵਿਚ ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਡਾ. ਵਨੀਤਾ ਭੁੱਲਰ ਐੱਸਐੱਮਓ ਫਿਰੋਜ਼ਸ਼ਾਹ ਵੱਲੋਂ ਅੱਜ ਕੋਵਿਡ ਕੇਅਰ ਸੈਂਟਰ ਵਿਖੇ ਜਿੱਥੇ ਮਰੀਜ਼ਾਂ ਦੀ ਬੇਹਤਰੀ ਤੇ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਹੀ ਇਸ ਸੈਂਟਰ ਵਿਚ ਤੈਨਾਤ ਕੀਤੇ ਗਏ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਨੂੰ ਟਰੇਨਿੰਗ ਦਿੱਤੀ ਗਈ। ਇਸ ਮੌਕੇ ਡਾ. ਵਨੀਤਾ ਭੁੱਲਰ ਐੱਸਐੱਮਓ ਨੇ ਦੱਸਿਆ ਕਿ ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਥਾਪਿਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਵਿਚ ਵਖਰੇ ਤੌਰ ਤੇ ਮੇਲ ਵਾਰਡ ਤੇ ਫੀਮੇਲ ਵਾਰਡ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਮਰੀਜ਼ਾਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ ਇਸ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਅਤੇ ਸਮੂਹ ਸਟਾਫ ਨੂੰ ਇਸ ਸਬੰਧੀ ਹਦਾਇਤ ਵੀ ਕੀਤੀ ਗਈ ਹੈ। ਡਾ. ਭੁੱਲਰ ਨੇ ਦੱਸਿਆ ਕਿ ਅੱਜ ਤੋਂ ਇਸ ਕੋਵਿਡ ਕੇਅਰ ਸੈਂਟਰ ਵਿਚ ਮਰੀਜ਼ ਇਲਾਜ ਲਈ ਦਾਖਿਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਕੋਹਰਾਮ ਮਚਾਉਣ ਉਪਰੰਤ ਲਗਾਤਾਰ ਭਾਰਤ ਵਿਚ ਪੈਰ ਪਸਾਰ ਰਹੇ ਕੋਰੋਨਾ ਵਾਈਰਸ ਤੋਂ ਬਚਾਓ ਲਈ ਜਿਥੇ ਲੋਕਾਂ ਨੂੰ ਸਮੇਂ-ਸਮੇਂ 'ਤੇ ਸੁਚੇਤ ਕੀਤਾ ਜਾ ਰਿਹਾ ਹੈ। ਡਾ. ਵਨੀਤਾ ਭੁੱਲਰ ਨੇ ਕਿਹਾ ਕਿ ਫ਼ਿਰੋਜ਼ਪੁਰ ਵਿਚ ਰੋਜ਼ਾਨਾ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਕੋਰੋਨਾ ਪੀੜਤਾਂ ਦੇ ਇਲਾਜ ਲਈ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਕੋਵਿਡ ਕੇਅਰ ਸੈਂਟਰ ਜਿਥੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਨਾਲ-ਨਾਲ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਦਾ ਹਰ ਯਤਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਕੂਮਤ ਸਿੰਘ ਵਾਲਾ ਵਿਚ ਬਣੇ ਕੋਵਿਡ ਕੇਅਰ ਵਿਚ ਸਟਾਫ ਦੀ ਤਾਇਨਾਤੀ ਕਰ ਦਿੱਤੀ ਗਈ ਅਤੇ ਦਵਾਈਆਂ ਆਦਿ ਦਾ ਪ੍ਰਬੰਧ ਵੀ ਹੋ ਚੁੱਕਾ ਹੈ। ਡਾ. ਭੁੱਲਰ ਨੇ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ, ਪਰ ਉਸ ਦਾ ਮੁਕਾਬਲਾ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣਾ ਮੂੰਹ ਢੱਕ ਕੇ ਰੱਖਣ ਦੇ ਨਾਲ-ਨਾਲ ਸਮੇਂ-ਸਮੇਂ 'ਤੇ ਹੱਥਾਂ ਆਦਿ ਦੀ ਸਫਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਵੀ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ ਅਤਿ ਜ਼ਰੂਰੀ ਹੈ।
ਡਾ. ਵਨੀਤਾ ਭੁੱਲਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲਗਾਤਾਰ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਲਗਾਤਾਰ ਲੋਕਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਹਕੂਮਤ ਸਿੰਘ ਵਾਲਾ ਵਿਚ ਬਣਾਏ ਕੋਵਿਡ ਕੇਅਰ ਸੈਂਟਰ ਵਿਚ ਹਰ ਵੇਲੇ ਸਟਾਫ ਦੀ ਤਾਇਨਾਤੀ ਦੇ ਨਾਲ-ਨਾਲ ਹਰ ਸਹੂਲਤ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਮਰੀਜ਼ਾਂ ਦਾ ਹਸਪਤਾਲ ਪਹੁੰਚਦਿਆਂ ਹੀ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਡਾ. ਰਿਤੇਸ਼, ਡਾ. ਰਜਨੀਸ਼, ਡਾ. ਪਵਿੱਤਰਜੋਤ ਸਿੰਘ , ਰਜਿੰਦਰ ਸਿੰਘ ਫਾਰਮਾਸਿਸਟ, ਨੇਹਾ ਭੰਡਾਰੀ, ਬੀਈਈ, ਗੁਰਵਿੰਦਰ ਸਿੰਘ ਬਰਾੜ, ਰਾਜਦੀਪ ਕੌਰ, ਕੌਰਜੀਤ ਸਿੰਘ, ਜਗਜੀਤ ਸਿੰਘ ਹਾਂਸ ਵੀ ਹਾਜ਼ਰ ਸਨ।