ਹਰਿੰਦਰ ਨਿੱਕਾ
- ਆਮ ਇਨਸਾਨ ਵੀ ਵਧ ਕੇ ਅੱਗੇ ਆਵੇ ਅਤੇ ਕੋਰੋਨਾ ਮਹਾਮਾਰੀ ਨੂੰ ਮਾਤ ਪਾਉਣ ’ਚ ਪੰਜਾਬ ਸਰਕਾਰ ਦਾ ਸਾਥ ਦੇਵੇ: ਕੇਵਲ ਢਿੱਲੋਂ
- ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਕੋਰੋਨਾ ਸਬੰਧੀ ਸਹਾਇਤਾ ਉਪਲੱਬਧ ਕਰਵਾਉਣ ਲਈ ਵਚਨਬੱਧ ਪ੍ਰਗਟਾਈ
ਬਰਨਾਲਾ, 1 ਅਗਸਤ 2020 - ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਨੂੰ ਠੱਲ ਪਾਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੂਰੇ ਦੇਸ਼ ’ਚ ਸਭ ਤੋਂ ਪਹਿਲਾਂ ਲਾਕਡਾਊਨ ਲਗਾਉਣ ਵਾਲਾ ਸੂਬਾ ਬਣਿਆ। ਇਸ ਉਪਰੰਤ ਸਰਕਾਰ ਨੇ ਮਿਸ਼ਨ ਫਤਿਹ ਸ਼ੁਰੂ ਕੀਤਾ ਜਿਸ ਤਹਿਤ ਆਮ ਜਨਤਾ ਨੂੰ ਇਸ ਸੰਕਰਮਣ ਤੋਂ ਬਚਾਅ ਦੇ ਤਰੀਕੇ ਦੱਸੇ ਜਾ ਰਹੇ ਹਨ ਤੇ ਨਾਲ ਹੀ ਠੀਕ ਹੋਏ ਲੋਕਾਂ ਨੂੰ ਕੋਰੋਨਾ ਯੋਧਾ ਵਜੋਂ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨਾਲ ਜ਼ਿਲ੍ਹਾ ਬਰਨਾਲਾ ਦੀ ਕੋਰੋਨਾ ਸਥਿਤੀ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਨਾਲ ਲੜਨ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਯਕੀਨ ਦਵਾਇਆ ਕਿ ਜੇਕਰ ਕੋਰੋਨਾ ਸਬੰਧੀ ਕਿਸੇ ਲੋੜ ਨੂੰ ਪੂਰਾ ਕਰਨ ਲਈ ਮਾਣਯੋਗ ਮੁੱਖ ਮੰਤਰੀ ਤਕ ਪਹੁੰਚ ਕਰਨੀ ਪਵੇਗੀ ਤਾਂ ਉਹ ਆਪ ਇਸ ਮਸਲੇ ਨੂੰ ਲਈ ਕੇ ਮਾਣਯੋਗ ਮੁਖ ਮੰਤਰੀ ਨੂੰ ਮਿਲਣਗੇ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਰੋਨਾ ਸਬੰਧੀ ਪਾਬੰਦੀਆਂ ਅਤੇ ਹੁਕਮ ਜ਼ਿਲ੍ਹੇ ’ਚ ਸਖਤੀ ਨਾਲ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਮਰੀਜ਼ਾਂ ਦੀ ਟਰੈਕਿੰਗ ਲਈ ਵਿਸ਼ੇਸ਼ ਅਫਸਰ ਤਾਇਨਾਤ ਕੀਤੇ ਗਏ ਹਨ, ਜਿਹੜੇ ਕਿ ਕੋਰੋਨਾ ਮਰੀਜ਼ਾਂ ਦੀ ਆਵਾਜਾਈ ਉੱਤੇ ਖਾਸ ਨਜ਼ਰ ਰੱਖ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਹਜ਼ਾਰਾਂ ਲੋਕ ਇਸ ਮਿਸ਼ਨ ਨਾਲ ਜੁੜੇ ਹਨ ਅਤੇ ਆਪਣੇ ਵੱਡਮੁਲਾ ਯੋਗਦਾਨ ਪਾ ਕੇ ਕੋਰੋਨਾ ’ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ ਵਾਲਿਆਂ, ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਅਤੇ ਸਮਾਜਕ ਦੂਰੀ ਨਾ ਬਣਾ ਕੇ ਰੱਖਣ ਵਾਲਿਆਂ ਦੇ ਨਿਰੰਤਰ ਚਲਾਨ ਕੱਟੇ ਜਾ ਰਹੇ ਹਨ। ਨਾਲ ਹੀ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਕੋਰੋਨਾ ਨਾਲ ਲੜਨ ਸਬੰਧੀ ਹਰ ਪ੍ਰਕਾਰ ਦੀ ਸੁਵਿਧਾ ਉਪਲਬਧ ਹੈ। ਉਹਨਾਂ ਦੱਸਿਆ ਸਿਹਤ ਵਿਭਾਗ ਦਾ ਹਰ ਇਕ ਕਰਮਚਾਰੀ ਇਸ ਕੰਮ ’ਚ ਆਪਣਾ ਯੋਗਦਾਨ ਪਾ ਰਿਹਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਵਲੋਂ ਆਪਣਾ ਖੂਨ ਦਾਨ ਕੀਤਾ ਜਾ ਰਿਹਾ ਹੈ। ਉਹਨਾਂ ਦੇ ਖੂਨ ’ਚੋਂ ਪਲਾਜ਼ਮਾ ਲੈ ਕੇ ਕੋਰੋਨਾ ਪੀੜਿਤ ਮਰੀਜ਼ਾਂ ਨੂੰ ਲਗਾਇਆ ਜਾ ਰਿਹਾ ਹੈ ਤਾਂ ਉਹ ਜਲਦ ਤੋਂ ਜਲਦ ਠੀਕ ਹੋ ਸਕਣ।