ਹਰੀਸ਼ ਕਾਲੜਾ
ਮੋਰਿੰਡਾ 01 ਅਗਸਤ 2020 : ਰੱਖੜੀ ਦੇ ਤਿਉਹਾਰ ਮੌਕੇ ਮਿਠਾਈਆਂ ਦੇ ਡੱਬਿਆਂ ਦੇ ਨਾਲ ਦੁਕਾਨਦਾਰਾਂ ਵੱਲੋਂ ਮੁਫ਼ਤ ਮਾਸਕ ਵੰਡਣ ਸਬੰਧੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋ ''ਮਿਸ਼ਨ ਫਤਿਹ" ਤਹਿਤ ਕੀਤੀ ਗਈ ਅਪੀਲ ਰੰਗ ਲਿਆਈ। ਮੋਰਿੰਡਾ ਸ਼ਹਿਰ ਵਿੱਚ ਸਮੂਹ ਹਲਵਾਈ/ਮਿਠਾਈ ਵਿਕਰੇਤਾ ਮਿਠਾਈ ਦੇ ਹਰੇਕ ਡੱਬੇ ਦੇ ਨਾਲ ਗ੍ਰਾਹਕਾਂ ਨੂੰ ਮੁਫਤ ਮਾਸਕ ਵੰਡਦੇ ਵੇਖੇ ਗਏ। ਇਸੇ ਤਰ੍ਹਾਂ ਰੱਖੜੀਆਂ ਵੇਚਣ ਵਾਲੇ ਦੁਕਾਨਦਾਰਾਂ ਵੱਲੋ ਵੀ ਗ੍ਰਾਹਕਾਂ ਨੂੰ ਰੱਖੜੀਆਂ ਦੇ ਨਾਲ-ਨਾਲ ਮੁਫਤ ਵਿੱਚ ਮਾਸਕ ਵੰਡੇ ਗਏ। ਪ੍ਰੀਤ ਸਵੀਟ ਸ਼ਾਪ ਦੇ ਮਾਲਕ ਸ਼੍ਰੀ ਸੁਰੇਸ਼ ਕੁਮਾਰ ਅਤੇ ਤਾਨੀਆ ਸਵੀਟ ਸ਼ਾਪ ਦੇ ਮਾਲਕ ਸ਼੍ਰੀ ਸਦੀਕ ਮੁਹੰਮਦ ਵੱਲੋ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਦੀ ਰੋਕਥਾਮ ਸਬੰਧੀ ਸਰਕਾਰ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਹਰੇਕ ਵਰਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਔਖੇ ਸਮੇ ਵਿੱਚ ਮਾਸਕ ਦੀ ਵਰਤੋ ਕਰਨਾ ਬੇਹੱਦ ਜਰੂਰੀ ਹੈ। ਮਾਨਯੋਗ ਮ੍ਰੁੱਖ ਮੰਤਰੀ ਜੀ ਵੱਲੋ ਮਿਸ਼ਨ ਫਤਿਹ ਤਹਿਤ ਕੀਤੀ ਗਈ ਅਪੀਲ ਤੇ ਫੁੱਲ ਚੜਾਉਂਦੇ ਹੋਏ ਸ਼ਹਿਰ ਦੇ ਦੁਕਾਨਦਾਰਾਂ ਵੱਲੋ 1-2 ਅਗਸਤ 2020 ਨੂੰ ਮਿਠਾਈ ਦੇ ਡੱਬਿਆਂ ਅਤੇ ਰੱਖੜੀਆਂ ਦੇ ਨਾਲ ਮੁਫਤ ਵਿੱਚ ਮਾਸਕ ਵੰਡਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਕੱਲ 2 ਅਗਸਤ ਨੂੰ ਵੀ ਮਾਸਕਾਂ ਦੀ ਮੁਫਤ ਵੰਡ ਇਸੇ ਤਰ੍ਹਾਂ ਜਾਰੀ ਰਹੇਗੀ।
ਇਸ ਮੌਕੇ ਤੇ ਸਬ-ਡਵੀਜ਼ਨਲ ਮੈਜਿਸਟਰੇਟ ਮੋਰਿੰਡਾ, ਸ਼੍ਰੀ ਹਰਬੰਸ ਸਿੰਘ ਵੱਲੋ ਦੁਕਾਨਦਾਰਾਂ ਦੇ ਇਸ ਕਦਮ ਦੀ ਸਰਾਹਣਾ ਕੀਤੀ ਗਈ। ਉਨ੍ਹਾਂ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਵੇਖਿਆ ਗਿਆ ਹੈ ਕਿ ਕੁੱਝ ਦੁਕਾਨਦਾਰਾਂ ਵੱਲੋਂ ਮੁਫ਼ਤ ਦਿੱਤੀਆਂ ਜਾ ਰਹੀਆਂ ਮਾਸਕਾਂ ਉਪਰ ਆਪਣੀ ਦੁਕਾਨ ਦਾ ਨਾਂ ਪ੍ਰਿੰਟ ਕਰਵਾਇਆ ਗਿਆ ਹੈ। ਇਸ ਤਰ੍ਹਾਂ ਮੁਫ਼ਤ ਮਾਸਕਾਂ ਦੀ ਵੰਡ ਜਿੱਥੇ ਸਮਾਜ ਭਲਾਈ ਦਾ ਕੰਮ ਹੈ ਉੱਥੇ ਹੀ ਦੁਕਾਨ ਦੀ ਪਬਲੀਸਿਟੀ ਦਾ ਵੀ ਜਰੀਆ ਬਣ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ''ਮਿਸ਼ਨ ਫਤਿਹ" ਤਹਿਤ ਜੋਕੋਸ਼ਿਸ਼ਾਂ ਜਾਰੀ ਹਨ, ਪ੍ਰੰਤੂ ਇਸ ਤੇ ਫਤਿਹ ਪਾਉਣ ਲਈ ਆਮ ਲੋਕਾਂ ਦੇ ਪੂਰਨ ਸਹਿਯੋਗ ਲੋੜ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਸਬੰਧੀ ਸਰਕਾਰ ਵੱਲੋ ਜੋ-ਜੋ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਪਾਲਣਾ ਕਰਨਾ ਸਮਾਜ ਦੇ ਹਰ ਵਰਗ ਨੂੰ ਆਪਣਾ ਫਰਜ਼ ਬਣਦਾ ਹੈ।ઠ ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਬਹੁਤ ਜਰੂਰੀ ਕੰਮ ਹੋਣ ਤੇ ਹੀ ਆਪਣੇ ਘਰਾਂ ਤੋ ਬਾਹਰ ਨਿਕਲਿਆ ਜਾਵੇ; ਜਨਤਕ ਸਥਾਨਾਂ ਤੇ ਇੱਕ ਦੂਜੇ ਤੋਂ ਘੱਟੋ-ਘੱਟ 2 ਗਜ਼ ਦੀ ਦੂਰੀ ਬਣਾਕੇ ਰੱਖੀ ਜਾਵੇ; ਚਿਹਰੇ ਤੇ ਮਾਸਕ ਦੀ ਵਰਤੋ ਕਰਕੇ ਨੱਕ ਅਤੇ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਆਪਣੇ ਹੱਥਾਂ ਨੂੰ ਦਿਨ ਵਿੱਚ ਵਾਰ-ਵਾਰ ਚੰਗੀ ਤਰ੍ਹਾਂ ਸਾਬੁਣ ਨਾਲ ਧੋਇਆ ਜਾਵੇ ਜਾਂ ਸੈਨੀਟਾਇਜਰ ਦੇ ਨਾਲ ਸਾਫ ਕੀਤਾ ਜਾਵੇ। ਘਰਾਂ/ਦਫ਼ਤਰਾਂ ਦੇ ਦਰਵਾਜ਼ਿਆਂ ਦੇ ਹੈਂਡਲ ਆਦਿ ਜਿਨ੍ਹਾਂ ਨੂੰ ਵਾਰ-ਵਾਰ ਹੱਥ ਲਗਦਾ ਹੈ, ਨੂੰ ਵੀ ਸੈਨੀਟਾਈਜ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਜਨਤਾ ਦੇ ਸਹਿਯੋਗ ਨਾਲ ਮਿਸ਼ਨ ਫਤਿਹ ਨੂੰ ਸਫ਼ਲਤਾ ਮਿਲੇਗੀ ਅਤੇ ਕੋਰੋਨਾ ਦੀ ਹਾਰ ਹੋਵੇਗੀ।