ਹਰਿੰਦਰ ਨਿੱਕਾ
- ਹੁਣ ਤੱਕ 6 ਕੋਰੋੋਨਾ ਪਾਜ਼ਿਟਿਵ ਗਰਭਵਤੀ ਅੋਰਤਾਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ-ਸਿਵਲ ਸਰਜਨ
ਸੰਗਰੂਰ, 1 ਅਗਸਤ 2020 - ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਗਏ ''ਮਿਸ਼ਨ ਫਤਿਹ'' ਤਹਿਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ 'ਤੇ ਸਿਹਤ ਵਿਭਾਗ ਪੰਜਾਬ ਵੱਲੋਂ ਜਿੱਥੇ ਹਰੇਕ ਲੋੜੀਂਦੇ ਪ੍ਰਬੰਧਾਂ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ, ਉਥੇ ਜ਼ਿਲ੍ਹਾ ਸੰਗਰੂਰ ਦੇ ਸਿਵਲ ਹਸਪਤਾਲ ਧੂਰੀ ਵਿਖੇ ਗਰਭਵਤੀ ਮਹਿਲਾਵਾਂ ਲਈ (ਲੈਵਲ 2) ਦਾ ਵਿਸ਼ੇਸ ਕੋਵਿਡ ਕੇਅਰ ਵਾਰਡ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਬ ਡਵੀਜ਼ਨ ਧੂਰੀ ਵਿਖੇ ਕੋਰੋਨਾ ਪਾਜ਼ਿਟਿਵ ਗਰਭਵਤੀ ਔਰਤਾਂ ਲਈ 20 ਬਿਸਤਰਿਆਂ ਵਾਲਾ ਵਿਸ਼ੇਸ ਕੋਵਿਡ ਕੇਅਰ ਵਾਰਡ ਲੋੜੀਂਦੀਆਂ ਸੁਵਿਧਾਵਾਂ ਅਤੇ ਡਾਕਟਰੀ ਟੀਮਾਂ ਨਾਲ 24 ਘੰਟੇ ਖੁੱਲਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਅੰਦਰ ਲੋੜ ਪੈਣ 'ਤੇ 10 ਹੋਰ ਬਿਸਤਰਿਆਂ ਲਈ ਥਾਂ ਰਾਖਵੀਂ ਰੱਖੀ ਗਈ ਹੈ ਤਾਂ ਜੋ ਕੋਰੋਨਾ ਪਾਜ਼ਿਟਿਵ ਔਰਤਾਂ ਨੂੰ ਕਿਸੇ ਵੀ ਦਰਪੇਸ਼ ਸਮੱਸਿਆ ਦਾ ਸਾਮ੍ਹਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਔਰਤ ਰੋਗਾਂ ਦੇ ਮਾਹਿਰ ਡਾਕਟਰ (ਗਾਈਨੋਕੋਲਜਿਸਟ) ਸਿਫਟਾਂ ਅੰਦਰ ਡਿਊਟੀ 'ਤੇ ਤਾਇਨਾਤ ਰਹਿੰਦੇ ਹਨ ਅਤੇ ਹਰੇਕ ਐਮਰਜੈਂਸੀ ਸੁਵਿਧਾ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਰਾਜਕੁਮਾਰ ਨੇ ਦੱਸਿਆ ਕਿ ਧੂਰੀ ਦਾ ਕੋਵਿਡ ਕੇਅਰ ਸੈਂਟਰ ਗਰਭਵਤੀ ਔਰਤਾਂ ਲਈ ਲਾਹੇਵੰਦ ਸਾਬਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 6 ਕੋਰੋਨਾ ਪਾਜ਼ਿਟਿਵ ਗਰਭਵਤੀ ਮਹਿਲਾਵਾਂ ਨੂੰ ਵਾਰਡ ਅੰਦਰ ਦਾਖਲ ਕੀਤਾ ਗਿਆ। ਦਾਖਲ ਕੋਰੋਨਾਪਾਜਿਟਵ 2 ਮਹਿਲਾਵਾ ਦੀ ਅਪਰੇਸ਼ਨ ਨਾਲ ਅਤੇ 1 ਮਹਿਲਾ ਦੀ ਨਾਰਮਲ ਡਿਲੀਵਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਪਾਜ਼ਿਟਿਵ ਮਹਿਲਾਵਾਂ ਦੇ ਨਵਜੰਮੇ ਬੱਚਿਆ ਦੇ 24 ਘੰਟੇ ਦੇ ਅੰਤਰ ਨਾਲ 2 ਵਾਰ ਨਮੂਨੇ ਲੈ ਕੇ ਜਾਂਚ ਕਰਵਾਈ ਗਈ, ਬੱਚਿਆ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਣ 'ਤੇ ਮਾਂ ਅਤੇ ਬੱਚਿਆ ਨੂੰ ਵੱਖਰਾ ਰੱਖਿਆ ਗਿਆ ਅਤੇ ਕੋਰੋਨਾ ਨੂੰ ਮਾਤ ਦੇ ਕੇ ਮਹਿਲਾਵਾਂ ਨੇ ਆਪਣੇ ਨਵਜੰਮੇ ਬੱਚਿਆ ਸਮੇਤ ਘਰ ਵਾਪਸੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 3 ਹੋਰ ਦਾਖਲ ਮਰੀਜਾਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਅਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਦੋ ਦੀ ਡਿਲੀਵਰੀ ਹੋ ਗਈ ਹੈ ਅਤੇ ਇਕ ਦੀ ਡਿਲੀਵਰੀ ਹੋਣੀ ਬਾਕੀ ਹੈ।
ਐਸ.ਐਮ.ਓ ਧੂਰੀ ਡਾ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੋਰੋਨਾਪਾਜਿਟਵ ਔਰਤਾਂ ਲਈ ਸਥਾਪਤ ਕੀਤੇ ਸਪੈਸ਼ਲ ਵਾਰਡ ਅੰਦਰ ਔਰਤ ਰੋਗਾਂ ਦੇ 8 ਮਾਹਿਰ ਡਾਕਟਰ ਰੋਸਟਰ ਮੁਤਾਬਿਕ ਹਰ ਸਮੇਂ ਡਿਊਟੀ ਤੇ ਹਾਜ਼ਰ ਰਹਿੰਦੇ ਹਨ। ਉਨ੍ਹਾਂ ਦੱਸਿਆ ਡਾਕਟਰੀ ਟੀਮ ਵੱਲੋਂ ਪੀ.ਪੀ.ਈ ਕਿੱਟ ਪਾ ਕੇ ਗਰਭਵਤੀ ਔਰਤਾਂ ਦੇ ਲੋੜੀਂਦੇ ਟੈਸਟ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਪਹੁੰਚਾਉਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਲਈ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਡਿਲੀਵਰੀ ਲਈ ਵਿਸ਼ੇਸ ਲੇਬਰ ਰੂਮ ਅਤੇ ਅਪਰੇਸ਼ਨ ਥੀਏਟਰ ਤਿਆਰ ਕੀਤਾ ਗਿਆ ਹੈ ਜਿੱਥੇ ਲੋੜ ਵਾਲਾ ਹਰੇਕ ਸਾਜੋ ਸਾਮਾਨ ਮੌਜੂਦ ਹੈ।