ਹਰਿੰਦਰ ਨਿੱਕਾ
- ਥਾਣੇ ’ਚ ਫੜੇ ਮੁਲਜ਼ਮ ਦੇ ਸੰਪਰਕ ’ਚ ਆਉਣ ਕਰ ਕੇ ਪਾਜ਼ੀਟਿਵ ਆਇਆ ਸੀ ਹਰਜੀਤ ਸਿੰਘ
ਬਰਨਾਲਾ, 1 ਅਗਸਤ 2020 - ਹਿੰਮਤ ਏ ਮਰਦਾਂ, ਮੱਦਦ ਏ ਖੁਦਾ, ਉਰਦੂ ਦੇ ਇਹ ਮਕਬੂਲ ਸ਼ੇਅਰ ਨੂੰ ਥਾਣਾ ਟੱਲੇਵਾਲ ਵਿਖੇ ਤਾਇਨਾਤ ਏਐਸਆਈ ਹਰਜੀਤ ਸਿੰਘ (54 ਸਾਲ) ਨੇ ਕੋਰੋਨਾ ’ਤੇ ਜਿੱਤ ਹਾਸਲ ਕਰ ਕੇ ਸੱਚ ਸਾਬਿਤ ਕਰ ਦਿਖਾਇਆ ਹੈ। ਹਰਜੀਤ ਸਿੰਘ ਨੇ ਦਿਲ ਦਾ ਮਰੀਜ਼ ਹੋਣ ਦੇ ਬਾਵਜੂਦ ਵੀ ਮਜ਼ਬੂਤ ਇੱਛਾ ਸ਼ਕਤੀ ਦੀ ਬਦੌਲਤ ਬੁਲੰਦ ਹੌਂਸਲੇ ਦੇ ਬਲ ਤੇ ਕਰੋਨਾ ਨੂੰ ਹਰਾ ਕੇ ਮੁੜ ਮੂਹਰਲੀ ਕਤਾਰ ਵਿੱਚ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ।
ਪਿੰਡ ਉਗੋਕੇ ਵਾਸੀ ਏਐਸਆਈ ਹਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਅਗਵਾਈ ਵਿਚ ਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਲਾਜ਼ਮ ਕੋਰੋਨਾ ਮਹਾਮਾਰੀ ਦੌਰਾਨ ਮੂਹਰਲੀ ਕਤਾਰ ਵਿੱਚ ਲਗਾਤਾਰ ਸੇਵਾਵਾਂ ਨਿਭਾਅ ਰਹੇ ਹਨ ਤੇ ਇਹ ਸੇਵਾਵਾਂ ਨਿਭਾਉਂਦਿਆਂ ਕੁਝ ਹੋਰ ਮੁਲਾਜ਼ਮਾਂ ਵਾਂਗ ਉਹ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ।
ਹਰਜੀਤ ਸਿੰਘ ਨੇ ਦੱਸਿਆ ਕਿ ਮਹਿਲ ਕਲਾਂ ਥਾਣੇ ਦੀ ਟੀਮ ਅਤੇ ਉਨ੍ਹਾਂ ਵੱਲੋਂ ਫੜੇ ਇਕ ਮੁਲਜ਼ਮ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਜਦੋਂ ਪੁਲੀਸ ਮੁਲਾਜ਼ਮਾਂ ਦੇ ਮਹਿਲ ਕਲਾਂ ਵਿਖੇ ਕੋਰੋਨਾ ਵਾਇਰਸ ਦੇ ਟੈਸਟ ਹੋਏ ਤਾਂ 7 ਜੂਨ ਨੂੰ ਪਤਾ ਲੱਗਿਆ ਕਿ ਉਹ ਵੀ ਕੋਰੋਨਾ ਪਾਜ਼ੀਟਿਵ ਹੈ। ਜਿਸ ਮਗਰੋਂ ਉਨ੍ਹਾਂ ਨੂੰ ਸੋਹਲ ਪੱਤੀ ਆਈਸੋਲੇਸ਼ਨ ਸੈਂਟਰ ਵਿਚ ਰੱਖਿਆ ਗਿਆ। ਹਰਜੀਤ ਸਿੰਘ ਨੇ ਦੱਸਿਆ ਕਿ ਸਾਲ 2015 ਤੋਂ ਦਿਲ ਦੀ ਤਕਲੀਫ ਹੋਣ ਕਾਰਨ ਅਤੇ ਦੋ ਵਾਰ ਸਟੰਟ ਪਏ ਹੋਣ ਕਾਰਨ ਉਸ ਲਈ ਉਹ ਘੜੀ ਬਹੁਤ ਮੁਸ਼ਕਲ ਭਰੀ ਸੀ, ਪਰ ਐਸਐਸਪੀ ਸੰਦੀਪ ਗੋਇਲ ਅਤੇ ਐਸਐਚਓ ਟੱਲੇਵਾਲ ਅਮਨਦੀਪ ਕੌਰ ਵੱਲੋਂ ਲਗਾਤਾਰ ਦਿੱਤੀ ਪੇ੍ਰਰਨਾ ਅਤੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਵੱਲੋਂ ਦਿੱਤੀਆਂ ਸੇਵਾਵਾਂ ਸਦਕਾ ਆਖਰ ਉਸ ਨੇ ਇਹ ਜੰਗ ਜਿੱਤ ਲਈ।
ਹਰਜੀਤ ਸਿੰਘ ਨੇ ਦੱਸਿਆ ਕਿ ਸੋਹਲ ਪੱਤੀ ਆਈਸੋਲੇਸ਼ਨ ਸੈਂਟਰ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲਗਾਤਾਰ ਉਤਸ਼ਾਹ ਵਧਾਊ ਗਤੀਵਿਧੀਆਂ ਕਰਵਾਈਆਂ ਗਈਆਂ, ਉਥੇ ਚੰਗੀ ਖੁਰਾਕ ਦੇਣ ਦੇ ਨਾਲ ਨਾਲ ਸਿਹਤ ਅਮਲੇ ਵੱਲੋਂ ਖੇਡ ਅਤੇ ਹੋਰ ਸਹਾਇਕ ਗਤੀਵਿਧੀਆਂ ਕਰੋਨਾਂ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ, ਜਿਸ ਸਦਕਾ ਮਰੀਜ਼ ਚੜ੍ਹਦੀ ਕਲ੍ਹਾ ਵਿਚ ਰਹਿੰਦੇ ਹਨ ਤੇ ਇਸੇ ਬਦੌਲਤ 14 ਦਿਨਾਂ ਬਾਅਦ ਉਸ ਨੇ ਕਰੋਨਾ ’ਤੇ ਫਤਿਹ ਪਾ ਲਈ। ਏਐਸਆਈ ਹਰਜੀਤ ਸਿੰੰਘ ਅਨੁਸਾਰ ਹੁਣ ਉਹ ਪੂਰੀ ਤਰ੍ਹਾਂ ਸਿਹਤਯਾਬ ਹੈ ਅਤੇ ਦੁਬਾਰਾ ਡਿਊਟੀ ਜੁਆਇਨ ਕਰ ਲਈ ਹੈ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਏਐਸਆਈ ਹਰਜੀਤ ਸਿੰਘ ਹੋਰ ਮਰੀਜ਼ਾਂ ਲਈ ਮਿਸਾਲ ਹੈ, ਜਿਸ ਨੇ ਦਿਲ ਦੀ ਤਕਲੀਫ ਹੋਣ ਦੇ ਬਾਵਜੂਦ ਮਜ਼ਬੂਤ ਇੱਛਾ ਸ਼ਕਤੀ ਨਾਲ ਕਰੋਨਾ ਵਾਇਰਸ ’ਤੇ ਫਤਿਹ ਪਾਈ ਹੈ ਅਤੇ ਹੁਣ ਹੋਰ ਪੁਲੀਸ ਮੁਲਾਜ਼ਮਾਂ ਵਾਂਗ ਫਿਰ ਤੋਂ ਮੂਹਰਲੀ ਕਤਾਰ ਵਿਚ ਡਟਿਆ ਹੋਇਆ ਹੈ।
- ਡਿਪਟੀ ਕਮਿਸ਼ਨਰ ਵੱਲੋਂ ਏਐਸਆਈ ਹਰਜੀਤ ਸਿੰਘ ਦੀ ਸ਼ਲਾਘਾ
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਹਰਜੀਤ ਸਿੰਘ ਵਰਗੇ ਪੁਲੀਸ ਕਰਮਚਾਰੀ ਆਪਣੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਆਮ ਲੋਕ ਵੀ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਇਸ ਜੰਗ ’ਚ ਪੂਰਾ ਸਹਿਯੋਗ ਦੇਣ।
- ਪੁਲਿਸ ਕਰਮਚਾਰੀਆਂ ਨੂੰ ਰੱਖਿਆ ਜਾ ਰਿਹੈ ਚੜ੍ਹਦੀ ਕਲਾ ’ਚ
ਐਸਐਸਪੀ ਸੰਦੀਪ ਗੋਇਲ ਨੇ ਆਖਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪੁਲੀਸ ਪ੍ਰਸ਼ਾਸਨ ਦੀ ਜਿੰਮੇਵਾਰ ਹੋਰ ਵਧ ਗਈ ਹੈ, ਜਿਸ ਕਰ ਕੇ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਖੁਰਾਕ ਅਤੇ ਹੋਰ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਏਕਾਂਤਵਾਸ ਕੀਤੇ ਤੇ ਕਰੋਨਾ ਨਾਲ ਜੰਗ ਲੜ ਰਹੇ ਪੁਲੀਸ ਕਰਮਚਾਰੀਆਂ ਦਾ ਯੋਗਾ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਮਨੋਬਲ ਉਚਾ ਰੱਖਿਆ ਜਾਂਦਾ ਹੈ।