ਜੀ ਐਸ ਪੰਨੂ
- ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ਼ ਪੂਰੇ ਪੇਸ਼ੇਵਰ ਤਰੀਕੇ ਤੇ ਮਾਨਵੀ ਸੰਵੇਦਨਾ ਨਾਲ ਕਰ ਰਿਹਾ ਹੈ ਗਰਭਵਤੀ ਮਹਿਲਾਵਾਂ ਦਾ ਇਲਾਜ
ਪਟਿਆਲਾ, 1 ਅਗਸਤ 2020 - ਕੋਵਿਡ-19 ਪਾਜਿਟਿਵ ਗਰਭਵਤੀ ਔਰਤਾਂ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਗਾਇਨੀ ਵਿਭਾਗ ਵਿਖੇ ਸਥਾਪਤ ਕੀਤੇ ਵਿਸ਼ੇਸ਼ ਕਰੋਨਾ ਗਾਇਨੀ ਵਾਰਡ 'ਚ ਨਵਜੰਮਿਆਂ ਦੀਆਂ ਕਿਲਕਾਰੀਆਂ ਕੋਰੋਨਾ ਤੋਂ ਬੇਖੋਫ ਹੋਈਆਂ ਗੂੰਜ ਆ ਰਹੀਆਂ ਹਨ। ਦੂਜੇ ਪਾਸੇ ਲੋਕ ਝੂਜ ਰਹੇ ਹਨ।
ਜ਼ਿਲ੍ਹੇ ਭਰ 'ਚ ਅਪ੍ਰੈਲ ਤੋਂ ਲੈਕੇ ਹੁਣ ਤੱਕ 2122 ਗਰਭਵਤੀ ਮਹਿਲਾਵਾਂ ਦੇ ਕੋਵਿਡ-19 ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 48 ਮਹਿਲਾਵਾਂ ਕੋਵਿਡ ਪਾਜ਼ਿਟਿਵ ਆਈਆਂ, ਜਿਨ੍ਹਾਂ 'ਚੋਂ 8 ਸੀਜੇਰੀਅਨ ਤੇ 9 ਨਾਰਮਲ ਡਲਿਵਰੀ ਨਾਲ ਪੈਦਾ ਹੋਏ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਜਦੋਂਕਿ ਦੋ ਕੇਸ ਅਬਾਰਸ਼ਨ ਦੇ ਹੋਏ ਅਤੇ ਬਾਕੀ ਇਲਾਜ ਨਾਲ ਠੀਕ ਹੋ ਕੇ ਆਪਣੇ ਘਰ ਜਾ ਚੁੱਕੀਆਂ ਹਨ। ਇਨ੍ਹਾਂ 'ਚੋਂ ਪਟਿਆਲਾ ਦੀਆਂ 38, ਲੁਧਿਆਣਾ ਦੀਆਂ 3 ਜਦੋਂਕਿ ਸੰਗਰੂਰ, ਬਰਨਾਲਾ, ਲੁਧਿਆਣਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਹਰਿਆਣਾ ਦੇ ਕੈਥਲ ਤੇ ਗੁੜਗਾਉਂ ਤੇ ਹਮੀਰਪੁਰ ਹਿਮਾਚਲ ਪ੍ਰਦੇਸ਼ ਦੀ ਇੱਕ-ਇੱਕ ਮਹਿਲਾ ਸ਼ਾਮਲ ਸੀ।
ਇਸੇ ਤਰ੍ਹਾਂ ਜ਼ਿਲ੍ਹੇ 'ਚ ਸਰਕਾਰੀ ਹਸਪਤਾਲਾਂ, ਰਜਿੰਦਰਾ ਹਸਪਤਾਲ, ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਸਮੇਤ 3 ਸਬ ਡਵੀਜਨ ਹਸਪਤਾਲਾਂ, 5 ਕਮਿਉਨਿਟੀ ਸਿਹਤ ਕੇਂਦਰਾਂ, 6 ਪੀ.ਐਚ.ਸੀਜ ਵਿਖੇ ਮਾਰਚ ਮਹੀਨੇ 1047 ਬੱਚੇ, ਅਪ੍ਰੈਲ 'ਚ 987 ਬੱਚੇ, ਮਈ ਮਹੀਨੇ 947 ਬੱਚੇ, ਜੂਨ 'ਚ 930 ਬੱਚੇ ਅਤੇ ਜੁਲਾਈ ਮਹੀਨੇ ਲਗਪਗ 950 ਨਵਜਨਮੇ ਬੱਚਿਆਂ ਨੇ ਅੱਖਾਂ ਖੋਲ੍ਹੀਆਂ।
ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਵਿਡ ਲੇਬਰ ਰੂਮ ਦੇ ਮੁਖੀ ਤੇ ਗਾਇਨੀ ਮਾਹਰ ਡਾਕਟਰ ਪਰਨੀਤ ਕੌਰ ਨੇ ਦੱਸਦਿਆ ਕਿਹਾ ਕਿ ਕੋਵਿਡ-19 ਪਾਜ਼ੀਟਿਵ ਗਰਭਵਤੀ ਮਹਿਲਾ ਦਾ ਜਣੇਪਾ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਉਨ੍ਹਾਂ ਦੇ ਹਸਪਤਾਲ ਦੇ ਪ੍ਰਤੀਬੱਧ ਮੈਡੀਕਲ ਤੇ ਨਰਸਿੰਗ ਸਟਾਫ਼ ਤੇ ਹੋਰ ਅਮਲੇ ਨੇ ਜ਼ਿਲ੍ਹੇ 'ਤੇ ਪਈ ਇਸ ਮੁਸ਼ਕਿਲ ਦੀ ਘੜੀ 'ਚ ਆਪਣਾ ਫ਼ਰਜ਼ ਬਾਖੂਬੀ ਨਿਭਾਉਂਦਿਆਂ ਪੂਰੇ ਪੇਸ਼ੇਵਰ ਤਰੀਕੇ ਤੇ ਮਾਨਵੀ ਸੰਵੇਦਨਾ ਨਾਲ ਜਣੇਪੇ ਦੇ ਕਾਰਜ ਨੂੰ ਸਿਰੇ ਚੜ੍ਹਾਇਆ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਇੱਕ ਪਾਸੇ ਜ਼ਿਲ੍ਹੇ ਦਾ ਸਮੁੱਚਾ ਮੈਡੀਕਲ ਅਮਲਾ ਜਦੋਂ ਕੋਵਿਡ ਨਾਲ ਜੂਝ ਰਿਹਾ ਹੈ ਤਾਂ ਦੂਜੇ ਪਾਸੇ ਸਰਕਾਰੀ ਹਸਪਤਾਲ ਲੋਕਾਂ ਨੂੰ ਇਲਾਜ ਦੇਣ ਦੀ ਆਪਣੀ ਜ਼ਿੰਮੇਂਵਾਰੀ ਵੀ ਤਨਦੇਹੀ ਨਾਲ ਨਿਭਾਅ ਰਹੇ ਸਨ, ਜੋ ਕਿ ਇਨ੍ਹਾਂ ਦੀ ਸੰਕਟਕਾਲੀਨ ਸਮੇਂ 'ਚ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ।