ਅਸ਼ੋਕ ਵਰਮਾ
ਬਠਿੰਡਾ, 2 ਅਗਸਤ 2020 - ਕੌਮਾਂਤਰੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਬੀ ਸ੍ਰੀਨਿਵਾਸਨ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਤਿੰਨ ਖੇਤਰਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਤਹਿਤ ਇੱਥੋ ਦੀ ਅਜੀਤ ਰੋਡ ਦੀ ਗਲੀ ਨੰ 20 ਅਤੇ ਨਵੀਂ ਬਸਤੀ ਦੀ ਗਲੀ ਨੰ 4 ਤੋਂ ਇਲਾਵਾ ਗੋਨਿਆਣਾ ਦੀ ਗਾਂਧੀ ਬਸਤੀ ਦੇ ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਇਲਾਕੇ ਅਗਲੇ 10 ਦਿਨਾਂ ਤੱਕ ਮਾਈਕਰੋ ਕੰਟੇਨਮੈਂਟ ਜ਼ੋਨ ਬਣੇ ਰਹਿਣਗੇ। ਜੇਕਰ ਇਨਾਂ ਖੇਤਰਾਂ ਵਿੱਚ ਹੋਰ ਨਵੇਂ ਕੇਸ ਆਉਂਦੇ ਹਨ ਤਾਂ ਇਸ ਨੂੰ 5 ਦਿਨਾਂ ਲਈ ਵਧਾਇਆ ਜਾਵੇਗਾ। ਇਨ੍ਹਾਂ ਖੇਤਰਾਂ ਵਿੱਚ ਆਉਣ-ਜਾਣ ਲਈ ਚੈੱਕ ਪੋਸਟ ਵੀ ਬਣਾਏ ਜਾਣਗੇ ਕੰਟੈਕਟ ਟਰੇਸਿੰਗ ਕਰਕੇ ਨਮੂਨੇ ਵੀ ਇਕੱਤਰ ਕੀਤੇ ਜਾਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਇਹ ਵੀ ਦੱਸਿਆ ਕਿ ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਰ ਰੋਜ਼ ਘਰ-ਘਰ ਜਾ ਕੇ ਕੋਰੋਨਾ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ, ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਦੌਰਾਨ ਲੋਕਾਂ ਨੂੰ ਮਾਸਕ ਪਹਿਣਨ, ਹੱਥ ਧੋਣ ਅਤੇ ਆਲੇ- ਦੁਆਲੇ ਸਾਫ਼-ਸਫਾਈ ਰੱਖਣ ਲਈ ਵੀ ਜਾਗਰੂਕ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਇਹ ਵੀ ਸਪੱਸ਼ਟ ਕੀਤਾ ਕਿ ਇਕਾਂਤਵਾਸ ਅਤੇ ਸਮਾਜਿਕ ਦੂਰੀ ਸਬੰਧੀ ਐਲਾਨੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਭਾਰਤੀ ਦੰਡਾਂਵਲੀ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ