ਹਰਿੰਦਰ ਨਿੱਕਾ
- ਸਾਵਧਾਨੀਆਂ ਤੇ ਬਚਾਅ ਢੰਗ ਅਪਣਾ ਕੇ ਹੀ ਕਰੋਨਾ ਨੂੰ ਮਾਤ ਦਿੱਤੀ ਜਾ ਸਕਦੀ
ਸੰਗਰੂਰ, 4 ਅਗਸਤ 2020 - ਜ਼ਿਲ੍ਹੇ ਵਿੱਚ ਅੱਜ 26 ਜਣੇ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਠੀਕ ਹੋਏ ਵਿਅਕਤੀਆਂ ਨੂੰ ਸਿਹਤ ਵਿਭਾਗ ਵੱਲੋਂ ਘਰਾਂ ਵਿੱਚ ਰਹਿ ਕੇ ਸਾਵਧਾਨੀਆਂ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਤੇ ਬਚਾਅ ਢੰਗ ਅਪਣਾ ਕੇ ਹੀ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕੋਵਿਡ ਕੇਅਰ ਸੈਂਟਰ ਘਾਬਦਾ ਤੋਂ 7, ਭੋਗੀਵਾਲ ਕੋਵਿਡ ਕੇਅਰ ਸੈਂਟਰ ਤੋਂ 4, ਹੋਮ ਆਈਸ਼ੋਲੇਸ਼ਨ ਤੋਂ 8 ਮਰੀਜ਼ , ਮਲੇਰਕੋਟਲਾ ਕੋਵਿਡ ਕੇਅਰ ਸੈਂਟਰ ਤੋਂ 6 ਅਤੇ ਸੰਗਰੂਰ ਕੋਵਿਡ ਕੇਅਰ ਸੈਂਟਰ ਤੋਂ 1 ਜਣੇ ਨੇ ਕੋਰੋਨਾ ਤੇ ਫਤਹਿ ਹਾਸਿਲ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮਿਸ਼ਨ ਫਤਿਹ ਨਾਲ ਜੁੜਕੇ ਯੋਗਦਾਨ ਪਾਉਣ ਲਈ ਕੋਵਾ ਐਪ ਡਾਉਨਲੋਡ ਕਰਨ ਅਤੇ ਐਪ ਤੋਂ ਸਹੀ ਜਾਣਕਾਰੀ-ਅੰਕੜੇ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਟੋਲ ਫਰੀ ਨੰਬਰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਜ਼ਰੂਰ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਾਇਆ ਜਾਵੇ, ਇਕੱਠ ਵਾਲੀ ਥਾਂ ’ਤੇ ਜਾਣ ਤੋਂ ਗੁਰੇਜ ਕੀਤਾ ਜਾਵੇ ਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ ਅਤੇ ਆਪਸ ਵਿੱਚ ਸਮਾਜਿਕ ਦੂਰੀ ਜ਼ਰੂਰ ਕਾਇਮ ਕੀਤੀ ਜਾਵੇ।