ਜੀ ਐਸ ਪੰਨੂ
- ਪੰਜਾਬ ਦੇ ਸੁਪਰ ਸਪੈਸ਼ਲਿਸਟ ਨਿੱਜੀ ਹਸਪਤਾਲ ਵੀ ਕਰ ਰਹੇ ਆਪਣੇ ਮਰੀਜ਼ਾਂ ਨੂੰ ਪਟਿਆਲਾ ਲਈ ਰੈਫ਼ਰ
ਪਟਿਆਲਾ, 6 ਅਗਸਤ 2020 - ਕੋਰੋਨਾ ਦੇ ਹਲਕੇ ਅਤੇ ਗੰਭੀਰ ਪੀੜਤਾਂ ਲਈ ਪਟਿਆਲਾ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਵੱਡੀ ਆਸ ਦੀ ਕਿਰਨ ਬਣਿਆ ਹੋਇਆ ਹੈ। ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ (ਲੁਧਿਆਣਾ, ਨਵਾਂਸ਼ਹਿਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਮਾਨਸਾ, ਸੰਗਰੂਰ, ਬਰਨਾਲਾ ਅਤੇ ਹਰਿਆਣਾ ਰਾਜ ਦੇ ਕੁੱਝ ਜ਼ਿਲ੍ਹੇ ਵੀ) ਤੋਂ ਵੀ ਅਤਿ-ਗੰਭੀਰ ਕੋਵਿਡ ਮਰੀਜ਼ਾਂ ਨੂੰ ਲੈਵਲ-3 ਦੀ ਮੈਡੀਕਲ ਸੰਭਾਲ ਲਈ ਇੱਥੇ ਭੇਜਿਆ ਜਾ ਰਿਹਾ ਹੈ।
ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਇੰਚਾਰਜ, ਮੁੱਖ ਪ੍ਰਸ਼ਾਸਕ ਪਟਿਆਲਾ ਵਿਕਾਸ ਅਥਾਰਟੀ ਅਤੇ ਵਧੀਕ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ, ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਇੱਥੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਕੋਵਿਡ ਮਰੀਜ਼ਾਂ ਦੀ ਸਾਂਭ-ਸੰਭਾਲ ਲਈ 600 (350 ਐਮ ਸੀ ਐਚ ਤੇ 250 ਸੁਪਰ ਸਪੈਸ਼ਲਿਟੀ ਬਲਾਕ) ਬਿਸਤਰਿਆਂ ਦੀ ਸੁਵਿਧਾ ਹੈ, ਜਿਸ ਵਿੱਚੋਂ 54 ਬਿਸਤਰੇ ਵੈਂਟੀਲੇਟਰ ਨਾਲ ਲੈਸ ਹਨ।
ਸੁਰਭੀ ਮਲਿਕ ਨੇ ਦੱਸਿਆ ਕਿ 'ਟ੍ਰਸ਼ਰੀ ਕੇਅਰ ਸੰਸਥਾ' ਹੋਣ ਕਾਰਨ ਰਾਜ ਦੇ ਬਹੁਤੇ ਜ਼ਿਲ੍ਹਿਆਂ 'ਚੋਂ ਗੰਭੀਰ ਮਰੀਜ਼ਾਂ ਨੂੰ ਇੱਥੇ ਹੀ ਰੈਫ਼ਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਤਿ ਗੰਭੀਰ ਮਰੀਜ਼ਾਂ ਨੂੰ ਬਚਾਉਣ ਲਈ ਡਾਕਟਰਾਂ ਨੂੰ ਬਹੁਤ ਯਤਨ ਕਰਨੇ ਪੈ ਰਹੇ ਹਨ।
ਰਾਜਿੰਦਰਾ ਹਸਪਤਾਲ 'ਚ 250 ਦੇ ਕਰੀਬ ਡਾਕਟਰ ਅਤੇ ਇੰਟਰਨ, 85 ਸਟਾਫ਼ ਨਰਸਾਂ ਅਤੇ 100 ਦੇ ਕਰੀਬ ਦਰਜਾ ਚਾਰ ਕਰਮਚਾਰੀ ਦਿਨ ਅਤੇ ਰਾਤ ਦੀਆਂ ਸਿਫ਼ਟਾਂ 'ਚ ਮਰੀਜ਼ਾਂ ਦੀ ਸਾਂਭ-ਸੰਭਾਲ 'ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਗੰਭੀਰ ਮਰੀਜ਼ਾਂ ਲਈ 8ਵੇਂ ਮਰਹੱਲੇ (ਮੰਜ਼ਿਲ) 'ਤੇ ਸਥਾਪਿਤ ਵਾਰਡ 'ਚ 6 ਡਾਕਟਰ, 6 ਸਟਾਫ਼ ਨਰਸਾਂ ਅਤੇ 6 ਦਰਜਾ ਚਾਰ ਕਰਮਚਾਰੀ ਇੱਕ-ਇੱਕ ਸ਼ਿਫ਼ਟ 'ਚ ਡਿਊਟੀ ਕਰ ਰਹੇ ਹਨ ਜਦ ਕਿ ਤੀਸਰੀ, ਚੌਥੀ ਤੇ ਪੰਜਵੀਂ ਮੰਜ਼ਿਲ 'ਤੇ ਵੀ ਲਾਇਆ ਸਟਾਫ਼ ਨਿਗਰਾਨੀ 'ਚ ਰੱਖੇ ਪਾਜ਼ਿਟਿਵ ਮਰੀਜ਼ਾਂ ਦੀ ਸਾਂਭ-ਸੰਭਾਲ 'ਚ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 7ਵੀਂ ਮੰਜ਼ਿਲ 'ਤੇ ਸ਼ੱਕੀ ਕੋਵਿਡ ਮਰੀਜ਼ਾਂ ਦੇ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰੀਮਤੀ ਮਲਿਕ ਅਨੁਸਾਰ ਡਾਕਟਰਾਂ ਦੀ ਪੀ ਪੀ ਈ ਕਿੱਟ 'ਚ ਲੰਬਾ ਸਮਾਂ ਰਹਿਣ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਇੱਕ ਸਿਫ਼ਟ ਦੌਰਾਨ ਦੋ ਕਿੱਟਾਂ ਮੁਹੱਈਆ ਕਰਵਾਉਣ ਅਤੇ ਡਿਊਟੀ ਦੌਰਾਨ 30 ਮਿੰਟ ਦੀ ਬਰੇਕ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ ਤਾਂ ਜੋ ਬਰੇਕ ਬਾਅਦ ਦੁਬਾਰਾ ਆਈਸੋਲੇਸ਼ਨ ਵਾਰਡ 'ਚ ਜਾਣ ਮੌਕੇ ਕਿੱਟ ਪਾਉਣ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਅੱਜ ਇੱਥੇ 169 ਮਰੀਜ਼ ਕੋਵਿਡ ਦੇ ਇਲਾਜ ਅਧੀਨ ਹਨ, ਜਿਨ੍ਹਾਂ 'ਚੋਂ ਕੇਵਲ ਇੱਕ ਵੈਂਟੀਲੇਟਰ 'ਤੇ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਤਿੰਨ ਡਾਕਟਰ ਜੋੜਿਆਂ ਦੇ ਪਾਜ਼ਿਟਿਵ ਆਉਣ ਦੇ ਬਾਵਜੂਦ ਡਾਕਟਰ ਅਤੇ ਦੂਸਰਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਪੂਰੇ ਹੌਂਸਲੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਸੋਸ਼ਲ ਮੀਡੀਆ 'ਯੂਜ਼ਰਾਂ' ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੋਹਰਲੀ ਕਤਾਰ ਦੇ ਯੋਧਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਆਪਣੇ 'ਸੋਸ਼ਲ ਮੀਡੀਆ ਅਕਾਊਂਟ' 'ਤੇ ਸਾਕਾਰਤਮਕ ਪੋਸਟਾਂ ਪਾਉਣ ਅਤੇ ਨਾਕਾਰਤਮਕ ਪੋਸਟਾਂ ਪਾ ਕੇ ਉਨ੍ਹਾਂ ਦਾ ਮਨੋਬਲ ਨਾ ਡੇਗਣ। ਉਨ੍ਹਾਂ ਕਿਹਾ ਕਿ ਬਹੁਤ ਹੀ ਮੁਸ਼ਕਿਲ ਸਮਾਂ ਚੱਲ ਰਿਹਾ ਹੋਣ ਕਾਰਨ ਹਰੇਕ ਸੰਸਥਾ 'ਚ ਪ੍ਰਬੰਧਕੀ ਕੁੱਝ ਕਮੀਆਂ-ਪੇਸ਼ੀਆਂ ਜ਼ਰੂਰ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਉਭਾਰਨ ਦੀ ਬਜਾਏ, ਸਾਨੂੰ ਦੱਸ ਕੇ ਦੂਰ ਕਰਵਾਇਆ ਜਾਵੇ।
ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਵੇਰ ਤੇ ਸ਼ਾਮ ਦੋ ਸਮੇਂ ਦੀ ਚਾਹ ਤੋਂ ਇਲਰਾਵਾ ਸਵੇਰੇ ਨਾਸ਼ਤੇ 'ਚ ਪਰਾਂਠੇ, ਦਹੀ, ਦੁੱਧ, ਦੁਪਹਿਰ ਤੇ ਰਾਤ ਦੇ ਖਾਣੇ 'ਚ 'ਨਿਊਟ੍ਰੀਸ਼ਨ ਮਾਹਿਰ' ਦੀ ਸਲਾਹ ਨਾਲ ਪੌਸ਼ਟਿਕ ਅਹਾਰ ਤੇ ਸਬਜ਼ੀਆਂ ਤੋਂ ਇਲਾਵਾ ਰਾਤ ਸਮੇਂ ਦੁੱਧ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ ਮ੍ਰਿਤਕ ਦੇਹਾਂ ਦੀ ਸਮੇਂ ਸਿਰ ਸੰਭਾਲ ਵਿੱਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ 'ਮੋਰਚਰੀ' 'ਚ 8 ਦੀ ਸਮਰੱਥਾ ਨੂੰ ਵਧਾ ਕੇ 24 ਕਰ ਦਿੱਤਾ ਗਿਆ ਹੈ ਅਤੇ ਹਰੇਕ ਮ੍ਰਿਤਕ ਸਰੀਰ ਨੂੰ ਜਲਦ ਤੋਂ ਜਲਦ 'ਮੋਰਚਰੀ' ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।