← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 8 ਅਗਸਤ 2020 - ਮਿਸ਼ਨ ਫਤਿਹ ਅਧੀਨ ਸਿਵਲ ਸਰਜਨ ਡਾ.ਐੱਚ.ਐੱਨ.ਸ਼ਰਮਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਊਂ ਜਿਊਂ ਕੋਵਿਡ ਦੇ ਕੇਸ ਵੱਧ ਰਹੇ ਹਨ ਉਸਦੇ ਨਾਲ ਨਾਲ ਸੂਬੇ ਦੇ ਹਰ ਨਾਗਰਿਕ ਦਾ ਖਾਸ ਕਰਤੱਵ ਬਣ ਜਾਂਦਾ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਖਾਸ ਕਰ ਸਮਾਜਿਕ ਦੂਰੀ, ਮਾਸਿਕ ਦੀ ਵਰਤੋਂ ਅਤੇ ਗੈਰ-ਜ਼ੂਰਰੀ ਤੌਰ ਤੇ ਘਰ ਤੋਂ ਨਿਕਲਣਾ ਘੱਟ ਕੀਤਾ ਜਾਵੇ ਅਤੇ ਉੱਭਰ ਰਹੇ ਸੰਕਟ ਤੋਂ ਨਿਜ਼ਾਤ ਪਾਉਂਦੇ ਹੋਏ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਲਿਆ ਜਾਵੇ। ਅੱਜ ਤੱਕ ਦਾ ਜ਼ਿਕਰ ਕਰਦੇ ਹੋਏ ਸਿਵਲ ਸਰਜਨ ਡਾ.ਐੱਚ.ਐੱਨ.ਸ਼ਰਮਾ ਨੇ ਦੱਸਿਆ ਕਿ ਹੁਣ ਤੱਕ 23654 ਸੈਂਪਲਾਂ ਵਿੱਚੋਂ 87 ਕੇਸ ਐਕਟਿਵ ਹਨ ਅਤੇ 248 ਕੇਸ ਰਿਕਵਰ ਕਰ ਚੁੱਕੇ ਹਨ। ਜੋ ਕੋਰੋਨਾ ਪੀੜਤ ਆਪਣੇ ਘਰ ਵਿੱਚ ਜ਼ੇਰੇ ਇਕਾਂਤਵਾਸ ਹਨ ਉਹਨਾਂ ਦੇ ਕੇਅਰਟੇਕਰ ਜਾਂ ਉਹਨਾਂ ਦੀ ਖੁਦ ਦੀ ਜ਼ਿੰਮੇਵਾਰੀ ਹੈ ਕਿ ਉਹ ਬੁਖਾਰ ਜਾਂ ਖਾਂਸੀ ਦੀ ਤਕਲੀਫ ਤੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ। ਕਿਉਂ ਜੋ ਹਾਲ ਦੀ ਘੜੀ ਕੋਰੋਨਾ ਦੀ ਕੋਈ ਸਟੀਕ ਦਵਾਈ ਦੀ ਹੋਂਦ ਨਾ ਹੋਣ ਕਾਰਨ ਡਾਕਟਰੀ ਇਲਾਜ ਵਿੱਚ ਦੇਰੀ ਹੋਣਾ ਮਰੀਜ਼ ਲਈ, ਉਸਦੇ ਪਰਿਵਾਰ ਲਈ ਅਤੇ ਸਮਾਜ ਲਈ ਘਾਤਕ ਸਿੱਧ ਹੋ ਸਕਦਾ ਹੈ। ਹਰੇਕ ਹੋਮ ਆਈਸੋਲੇਟਿਡ ਵਿਅਕਤੀ ਦਾ ਪਲਸ ਆਕਸੀਮੀਟਰ ਰਾਹੀਂ ਆਕਸੀਜਨ ਲੈਵਲ ਚੈੱਕ ਕਰਨਾ ਬਹੁਤ ਅਹਿਮ ਹੈ। ਸਵੈ-ਅਨੁਸ਼ਾਸਨ ਹੀ ਇਸ ਤਰ੍ਹਾਂ ਦੀ ਮਹਾਂਮਾਰੀ ਵਿੱਚ ਕਾਰਗਰ ਸਾਬਿਤ ਹੋ ਸਕਦਾ ਹੈ। ਡਾ.ਐਚ.ਐਨ.ਸ਼ਰਮਾ ਨੇ ਸਮੂਹ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਕਾਰਜ ਖੇਤਰ ਅਧੀਨ ਸਰਕਾਰੀ ਹਦਾਇਤਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਿਆ ਜਾ ਸਕੇ ਅਤੇ ਸਿਹਤਮੰਦ ਪੰਜਾਬ ਦੀ ਸਿਰਜਨਾ ਕੀਤੀ ਜਾ ਸਕੇ।
Total Responses : 265