ਅਸ਼ੋਕ ਵਰਮਾ
- ਢਾਬਾ ਮੁਲਾਜਮਾਂ ਦੇ ਪੀੜਤ ਹੋਣ ਨੇ ਡਰਾਏ ਲੋਕ
ਬਠਿੰਡਾ, 8 ਅਗਸਤ 2020 - ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਅੱਜ 104 ਨਵੇਂ ਮਾਮਲਾ ਸਾਹਮਣੇ ਆਏ ਹਨ ਜਿਸ ਨੇ ਸਿਹਤ ਵਿਭਾਗ ਤੇ ਆਮ ਲੋਕਾਂ ਦੇ ਫਿਕਰ ਵਧਾ ਦਿੱਤੇ ਹਨ। ਜ਼ਿਲ੍ਹੇ ’ਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਮੰਨਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 24833 ਸੈਂਪਲ ਲਏ ਗਏ, ਜਿਨਾਂ ਵਿਚੋਂ ਸ਼ਨੀਵਾਰ ਦੀ ਸ਼ਾਮ ਤੱਕ ਮਿਲੀਆਂ ਰਿਪੋਰਟਾਂ ਮੁਤਾਬਿਕ ਕੁੱਲ 793 ਪਾਜ਼ੀਟਿਵ ਕੇਸ ਆਏ ਸਨ। ਇਨਾਂ ਵਿਚੋਂ 373 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ’ਚ ਕੁੱਲ 408 ਕੇਸ ਐਕਟਿਵ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਰੋਨਾ ਪ੍ਰਭਾਵਿਤ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਹਰ ਹਾਲਤ ਵਿੱਚ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ, ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਈ ਗਈ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਇਸ ਵਾਇਰਸ ਤੋਂ ਬਚਣ ਲਈ ਹਰ ਵਿਅਕਤੀ ਮਾਸਕ ਪਹਿਨਣਾ ਯਕੀਨੀ ਬਣਾਵੇ। ਇਸ ਤੋਂ ਇਲਾਵਾ ਆਪਸ ਵਿੱਚ ਦੂਰੀ ਬਣਾ ਕੇ ਰੱਖੀ ਜਾਵੇ। ਹੱਥਾਂ ਨੂੰ ਸੈਨੀਟਾਈਜ਼ਰ ਨਾਲ ਸਾਫ਼ ਕੀਤਾ ਜਾਵੇ। ਉਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ਼ ਅਪੀਲ ਕੀਤੀ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ।
ਢਾਬਾ ਮੁਲਾਜਮਾਂ ਦੇ ਪੀੜਤ ਹੋਣ ਨੇ ਡਰਾਏ ਲੋਕ
ਬਠਿੰਡਾ ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਦੌਰਾਨ ਆਏ ਕੋਰੋਨਾ ਵਾਇਰਸ ਪੀੜਤਾਂ ਚੋਂ ਸ਼ਹਿਰ ਦੇ ਇੱਕ ਮਸ਼ਹੂਰ ਢਾਬੇ ਦੇ ਪੰਜ ਮੁਲਾਜਮਾਂ ਦੇ ਕੋਰੋਨਾ ਪੀੜਤ ਵਜੋਂ ਸਾਹਮਣੇ ਆਉਣ ਕਾਰਨ ਸ਼ਹਿਰ ਦੇ ਕਾਫੀ ਲੋਕ ਡਰ ਗਏ ਹਨ ਜਿਨ੍ਹਾਂ ਨੇ ਪਿਛਲੇ ਦਿਨਾਂ ਦੌਰਾਨ ਇਸ ਢਾਬੇ ਤੋਂ ਖਾਣਾ ਖਾਧਾ ਜਾਂ ਮੰਗਵਾਇਆ ਸੀ। ਇਹ ਉਹ ਢਾਬਾ ਹੈ ਜਿੱਥੇ ਕੋਰੋਨਾ ਸੰਕਟ ਤੋਂ ਪਹਿਲਾਂ ਤਿਲ ਸੁੱਟਣ ਨੂੰ ਥਾਂ ਨਹੀਂ ਮਿਲਦੀ ਸੀ। ਹਾਲਾਂਕਿ ਹੁਣ ਮੰਦੀ ਦਾ ਦੌਰ ਚੱਲ ਰਿਹਾ ਹੈ ਫਿਰ ਵੀ ਖਾਣੇ ਦੇ ਸ਼ੌਕੀਨਾਂ ਲਈ ਇਹ ਢਾਬਾ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਹੁਣ ਜਦੋਂ ਇਹ ਮਾਮਲਾ ਬੇਪਰਦ ਹੋਇਆ ਹੈ ਤਾਂ ਲੋਕਾਂ ਨੂੰ ਚਿੰਤਾ ਲੱਗੀ ਹੋਈ ਹੈ।