ਅਸ਼ੋਕ ਵਰਮਾ
ਬਠਿੰਡਾ, 9 ਅਗਸਤ 2020 - ਬਠਿੰਡਾ ਜ਼ਿਲ੍ਹੇ ’ਚ ਅੱਜ ਵੀ ਕੋਰੋਨਾ ਵਾਇਰਸ ਦੇ 56 ਨਵੇਂ ਮਰੀਜ਼ ਸਾਹਮਣੇ ਆਏ ਹਨ। ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 25212 ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ ਕੁੱਲ 849 ਪਾਜ਼ੀਟਿਵ ਕੇਸ ਆਏ ਇਨ੍ਹਾਂ ਵਿਚੋਂ 390 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ’ਚ ਕੁੱਲ 447 ਕੇਸ ਐਕਟਿਵ ਹਨ। 12 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 56 ਪਾਜ਼ੀਟਿਵ, 480 ਨੈਗੇਟਿਵ ਰਿਪੋਰਟਾਂ ਤੇ 17 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਆਪੋ ਆਪਣੇ ਘਰ ਚਲੇ ਗਏ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਹਾਲਤ ਵਿੱਚ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ, ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਈ ਗਈ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਇਸ ਵਾਇਰਸ ਤੋਂ ਬਚਣ ਲਈ ਹਰ ਵਿਅਕਤੀ ਮਾਸਕ ਪਹਿਨਣਾ ਯਕੀਨੀ ਬਣਾਵੇ। ਇਸ ਤੋਂ ਇਲਾਵਾ ਆਪਸ ਵਿੱਚ ਦੂਰੀ ਬਣਾ ਕੇ ਰੱਖੀ ਜਾਵੇ। ਹੱਥਾਂ ਨੂੰ ਸੈਨੀਟਾਈਜ਼ਰ ਨਾਲ ਸਾਫ਼ ਕੀਤਾ ਜਾਵੇ। ਉਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ਼ ਅਪੀਲ ਕੀਤੀ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ।