ਕਰੋਨਾ ਤੋਂ ਸਾਵਧਾਨ! ਸੈਂਕੜੇ 'ਤੇ ਪਈ ਬੁਰੀ ਨਜ਼ਰ
ਨਿਊਜ਼ੀਲੈਂਡ ਦੇ ਵਿਚ 102 ਦਿਨਾਂ ਬਾਅਦ ਕਮਿਊਨਿਟੀ ਦੇ ਵਿਚੋਂ ਮਿਲੇ 4 ਕਰੋਨਾ ਗ੍ਰਸਤ-ਕੱਲ੍ਹ ਤੋਂ ਲੌਕਡਾਊਨ-3
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 11 ਅਗਸਤ, 2020 --ਨਿਊਜ਼ੀਲੈਂਡ ਦੇ ਵਿਚ ਕਮਿਊਨਿਟੀ ਕਰੋਨਾ ਦਾ ਆਖਰੀ ਕੇਸ ਆਏ ਨੂੰ ਅੱਜ 102 ਦਿਨ ਹੋ ਗਏ ਸਨ ਅਤੇ ਬੀਤੇ ਕੱਲ੍ਹ ਹੀ ਇਸ ਸੈਂਕੜੇ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ ਕਿਸੀ ਦੀ ਬੁਰੀ ਨਜ਼ਰ ਲੱਗ ਗਈ ਹੈ। ਅੱਜ ਐਮਰਜੈਂਸੀ ਅਨਾਊਂਸਮੈਟ ਦੇ ਵਿਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਕ ਸ੍ਰੀ ਐਸ਼ਲੇਅ ਬਲੂਮਫੀਲਡ ਨੇ ਇਸ ਸਬੰਧੀ ਰਾਤ ਸਵਾ 9 ਵਜੇ ਸੂਚਨਾ ਦਿੱਤੀ ਕਿ ਦੱਖਣੀ ਔਕਲੈਂਡ ਦੇ ਵਿਚ 4 ਕੇਸ ਕਰੋਨਾ ਗ੍ਰਸਤ ਲੋਕਾਂ ਦੇ ਆ ਗਏ ਹਨ। ਕਰੋਨਾ ਦੇ ਇਸ ਕੇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕੱਲ੍ਹ ਦੁਪਹਿਰ 12 ਵਜੇ ਤੋਂ ਔਕਲੈਂਡ ਖੇਤਰ ਦੇ ਵਿਚ ਲਾਕਡਾਊਨ ਲੈਵਲ-3 ਤਿੰਨ ਦਿਨਾਂ ਵਾਸਤੇ ਕੀਤਾ ਜਾ ਰਿਹਾ ਹੈ ਜੋ ਕਿ ਸ਼ੁੱਕਰਵਾਰ ਅੱਧੀ ਰਾਤ ਤੱਕ ਜਾਰੀ ਰਹੇਗਾ। ਬਾਕੀ ਦੇਸ਼ ਦੇ ਵਿਚ ਇਸੇ ਸਮੇਂ ਦੌਰਾਨ ਲਾਕਡਾਊਨ ਲੈਵਲ-2 ਕਰ ਦਿੱਤਾ ਗਿਆ ਹੈ।
ਚਾਰ ਆਏ ਕਮਿਊਨਿਟੀ ਕਰੋਨਾ ਦੇ ਕੇਸ ਇਕੋ ਪਰਿਵਾਰ ਦੇ ਹਨ। ਇਨ੍ਹਾਂ ਦਾ ਸਬੰਧ ਕਿਸੇ ਬਾਹਰੋਂ ਆਏ ਵਿਅਕਤੀ ਨਾਲ ਨਹੀਂ ਹੈ। ਇਨ੍ਹਾਂ ਵਿਚ ਇਕ 50 ਸਾਲਾਂ ਦਾ ਵਿਅਕਤੀ ਹੈ ਜੋ ਕੱਲ੍ਹ ਕਰੋਨਾ ਦੇ ਲੱਛਣਾਂ ਦੇ ਅਧਾਰ ਉਤੇ ਟੈਸਟ ਕੀਤਾ ਗਿਆ ਅਤੇ ਪਾਜੇਟਿਵ ਪਾਇਆ ਗਿਆ। ਇਸੇ ਪਰਿਵਾਰ ਦੇ 6 ਜੀਅ ਹੋਰ ਚੈਕ ਕੀਤੇ ਗਏ ਤਾਂ 3 ਕਰੋਨਾ ਪਾਜੇਟਿਵ ਪਾਏ ਗਏ। ਜਿਨ੍ਹਾਂ ਨਾਲ ਵੀ ਇਹ ਲੋਕ ਮਿਲੇ ਸਾਰਿਆਂ ਨੂੰ 14 ਦਿਨ ਏਕਾਂਤ ਵਿਚ ਰਹਿਣ ਲਈ ਕਿਹਾ ਗਿਆ ਹੈ।
ਪਿਛਲੀ ਝਲਕ: ਬੀਤੀ 25 ਮਾਰਚ ਨੂੰ ਨਿਊਜ਼ੀਲੈਂਡ ਕਰੋਨਾ ਲੈਵਲ-4 ਉਤੇ ਗਿਆ ਸੀ, ਫਿਰ 27 ਅਪਰੈਲ ਨੂੰ ਲੈਵਲ-3 ਉਤੇ ਅਤੇ ਮਈ 13 ਨੂੰ ਲੈਵਲ-2 ਉਤੇ ਅਤੇ 9 ਜੂਨ ਨੂੰ ਲੈਵਲ 1 ਉਤੇ ਸੀ।