ਰਾਜਵੰਤ ਸਿੰਘ
- ਕੋਰੋਨਾ ਦੇ ਤਿੰਨ ਨਵੇਂ ਮਾਮਲੇ ਵੀ ਆਏ ਸਾਹਮਣੇ
ਸ੍ਰੀ ਮੁਕਤਸਰ ਸਾਹਿਬ, 11 ਅਗਸਤ 2020-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਪ੍ਰਭਾਵ ਦਿਨੋਂ ਦਿਨ ਵੱਧ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਤਿੰਨ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਵਿੱਚੋਂ ਇੱਕ ਪੀੜਤ ਵਿਅਕਤੀ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਸੈਂਪਲਿੰਗ ਦੇ ਨਤੀਜਿਆਂ ਤਹਿਤ ਅੱਜ ਕੁੱਲ ਤਿੰਨ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚੋਂ ਇੱਕ ਕੇਸ ਸਥਾਨਕ ਗੋਨਿਆਣਾ ਰੋਡ ਤੋਂ ਹੈ, ਜਿਸ ਪੀੜਤ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ, ਜਦੋਂਕਿ ਦੋ ਮਾਮਲੇ ਮਲੋਟ ਤੋਂ ਸਾਹਮਣੇ ਆਏ ਹਨ। ਮ੍ਰਿਤਕ ਗੋਨਿਆਣਾ ਰੋਡ ਦਾ ਵਾਸੀ ਸੀ, ਜੋ ਸੀਐਚਸੀ ਦੋਦਾ ਵਿਖੇ ਵਾਰਡ ਅਟੇਡੈਂਟ ਦਰਜਾਚਾਰ ਮੁਲਾਜ਼ਮ ਵਜੋਂ ਤਾਇਨਾਤ ਸੀ, ਜਿਸਦੀ ਫਰੀਦਕੋਟ ਵਿਖੇ ਇਲਾਜ ਅਧੀਨ ਮੌਤ ਹੋ ਗਈ ਹੈ।
ਇਸ ਤੋਂ ਇਲਾਵਾ ਇੱਕ ਮਰੀਜ਼ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 210 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 534 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 349 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ ਹੁਣ 329 ਹੋ ਗਿਆ ਹੈ, ਜਿਸ ਵਿੱਚੋਂ 238 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਹੁਣ ਤੱਕ ਤਿੰਨ ਮਰੀਜਾਂ ਦੀ ਮੌਤ ਹੋ ਚੁਕੀ ਹੈ ਜਦੋਂ ਕਿ 88 ਕੇਸ ਐਕਟਿਵ ਚੱਲ ਰਹੇ ਹਨ।