ਰਾਜਵੰਤ ਸਿੰਘ
- ਰੋਜ਼ਾਨਾ ਦਰਜਨਾਂ ਦੇ ਕਰੀਬ ਪਾਜ਼ੀਟਿਵ ਆ ਰਹੇ ਕੇਸਾਂ ਨਾਲ ਜ਼ਿਲ੍ਹੇ ’ਚ ਕੋਰੋਨਾ ਦੇ ਬੱਦਲ ਹੋਣ ਲੱਗੇ ਕਾਲੇ
- ਅੱਜ ਫ਼ਿਰ ਕੋਰੋਨਾ ਦੇ 20 ਨਵੇਂ ਮਾਮਲੇ ਆਏ ਸਾਹਮਣੇ
ਸ੍ਰੀ ਮੁਕਤਸਰ ਸਾਹਿਬ, 13 ਅਗਸਤ 2020 - ਪੂਰੇ ਵਿਸ਼ਵ ਦੀ ਤਰ੍ਹਾਂ ਦੇਸ਼-ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਾਂਗ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਵੀ ਕੋਰੋਨਾ ਪੂਰੀ ਤਰ੍ਹਾਂ ਨਾਲ ਹਾਵੀ ਹੈ। ਜ਼ਿਲ੍ਹੇ ਅੰਦਰ ਕੋਰੋਨਾ ਦਾ ਡੰਕ ਇਸ ਕਦਰ ਵੱਜ ਰਿਹਾ ਹੈ ਕਿ ਰੋਜ਼ਾਨਾਂ ਦਰਜਨਾਂ ਦੀ ਤਾਦਾਦ ਵਿੱਚ ਲੋਕ ਪਾਜ਼ੀਟਿਵ ਆ ਰਹੇ ਹਨ, ਜਦੋਂ ਕਿ ਸਰਕਾਰੇ ਦਰਬਾਰੇ ਲੋਕਾਂ ਦੀ ਸੇਵਾ ਕਰਨ ਵਾਲੇ ਵੱਡੇ ਪੁਲਿਸ ਮੁਲਾਜ਼ਮ ਵੀ ਖ਼ੁਦ ਇਸ ਕੋਰੋਨਾ ਦੇ ਡੰਕ ਤੋਂ ਬਚ ਨਹੀਂ ਸਕੇ ਹਨ, ਨਤੀਜਨ ਜ਼ਿਲ੍ਹੇ ਦਾ ਸਰਕਾਰੀ ਤੰਤਰ ਡਗਮਗਾ ਗਿਆ ਹੈ, ਜਿਸਨੂੰ ਵੇਖਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜ਼ਿਲ੍ਹੇ ਅੰਦਰ ਕੋਰੋਨਾ ਦੇ ਬੱਦਲ ਦਿਨੋਂ-ਦਿਨ ਗਹਿਰੇ ਹੁੰਦੇ ਜਾ ਰਹੇ ਹਨ।
ਜ਼ਿਲ੍ਹੇ ਅੰਦਰ ਸ਼ੁਰੂਆਤੀ ਦੌਰ ’ਚ ਸਿਰਫ਼ 1-2 ਕੇਸਾਂ ਦੀ ਪੁਸ਼ਟੀ ਹੁੰਦੀ ਸੀ, ਪਰ ਮੌਜੂਦਾ ਸਮੇਂ ’ਚ ਕੋਰੋਨਾ ਦੇ ਦਰਜਨਾਂ ਕੇਸ ਸਿਹਤ ਵਿਭਾਗ ਲਈ ਦੁਚਿੱਤੀ ਬਣਨ ਲੱਗੇ ਹਨ। ਇਸ ਸਮੇਂ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 300 ਤੋਂ ਪਾਰ ਹੈ। ਖ਼ਬਰ ਲਿਖੇ ਜਾਣ ਤੱਕ 357 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਜਾ ਚੁੱਕੀ ਹੈ। ਕੋਰੋਨਾ ਦਾ ਕਹਿਰ ਜ਼ਿਲ੍ਹੇ ਅੰਦਰ ਇਸ ਕਦਰ ਛਾਇਆ ਕਿ ਮੰਗਲਵਾਰ ਫ਼ਿਰ ਤੋਂ ਕੋਰੋਨਾ ਨੇ ਇਕ ਹੋਰ ਜ਼ਿੰਦਗੀ ਨਿਗਲ ਲਈ। ਇਸ ਤੋਂ ਪਹਿਲਾਂ ਕੋਰੋਨਾ ਕਰਕੇ ਦੋ ਮੌਤਾਂ ਪਹਿਲਾਂ ਹੀ ਹੋ ਚੁੱਕੀਆਂ ਹਨ, ਜਿਸ ਕਰਕੇ ਪ੍ਰਸ਼ਾਸ਼ਨ, ਸਿਹਤ ਵਿਭਾਗ ਜਿੱਥੇ ਲੋਕਾਂ ਨੂੰ ਅਹਿਤਿਆਤ ਵਰਤਣ ਲਈ ਕਹਿ ਰਿਹਾ ਹੈ, ਉਥੇ ਹੀ ਹੁਣ ਲੋਕਾਂ ਨੇ ਕੋਰੋਨਾ ਦੇ ਵੱਧਦੇ ਖ਼ਤਰੇ ਦੇ ਚੱਲਦਿਆਂ ਖੁਦ ਦੀ ਸੰਭਾਲ ਨੂੰ ਹੀ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹੇ ਦੇ ਪਿੰਡ ਥੇਹੜੀ ਵਿਖੇ ਬਣੇ ਕੋਵਿਡ-19 ਸੈਂਟਰ ਤੋਂ ਇਲਾਵਾ ਹੋਰਨਾਂ ਆਈਸੂਲੇਟ ਕੇਂਦਰਾਂ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਰੋਜ਼ਾਨਾ ਸਿਹਤ ਵਿਭਾਗ ਵੱਲੋਂ ਸੈਂਕੜੇ ਨਵੇਂ ਸੈਂਪਲ ਇਕੱਤਰ ਕੀਤੇ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ 10 ਫ਼ੀਸਦੀ ਸੈਂਪਲਾਂ ਦੇ ਨਤੀਜੇ ਅਜਿਹੇ ਹੁੰਦੇ ਹਨ, ਜਿੰਨ੍ਹਾਂ ਵਿੱਚ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੁੰਦੀ ਹੈ। ਲਾਗ ਦੇ ਇਸ ਰੋਗ ਕੋਰੋਨਾ ਨੂੰ ਮਾਤ ਪਾਉਣ ਲਈ ਦੇਸ਼ਾਂ, ਵਿਦੇਸ਼ਾਂ ਦੇ ਵਿਗਿਆਨੀਆਂ ਵੱਲੋਂ ਖੋਜ਼ਾਂ ਜਾਰੀ ਹੈ ਤੇ ਇਹ ਵੀ ਸੁਣਿਆ ਜਾ ਰਿਹਾ ਹੈ 15 ਅਗਸਤ ਅਜ਼ਾਦੀ ਦਿਹਾੜੇ ’ਤੇ ਕੋਰੋਨਾ ਐਂਟੀ ਵੈਕਸੀਨ ਲਾਂਚ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਚਮਤਕਾਰ ਹੀ ਹੋਵੇਗਾ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹਾਲਾਤ ਇਸ ਤੋਂ ਵੀ ਬਦਤਰ ਹੋਣ ਦੀ ਸੰਭਾਵਨਾ ਹੈ।
ਬਾਕਸ
20 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਐਕਟਿਵ ਕੇਸ ਹੋਏ 102
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਅੱਜ ਫ਼ਿਰ ਕੋਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਪਾਜ਼ੇਟਿਵ ਆਏ ਕੁੱਲ 20 ਕੇਸਾਂ ਵਿੱਚੋਂ 5 ਕੇਸ (ਵਿਅਕਤੀ) ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 1 ਪੀੜਤ ਮਲੋਟ, 7 ਕੇਸ ਗਿੱਦੜਬਾਹਾ (3 ਔਰਤਾਂ-2 ਵਿਅਕਤੀ) ਅਤੇ 1 ਔਰਤ ਪਿੰਡ ਛਾਂਪਿਆਂਵਾਲੀ ਨਾਲ ਸਬੰਧਿਤ ਹੈ, ਇਸ ਤੋਂ ਇਲਾਵਾ 2 ਕੇਸ ਸੀਐਚਸੀ ਦੋਦਾ ਦੀ ਰਿਪੋਰਟ ਅਨੁਸਾਰ ਪਿੰਡ ਖਿੜਕੀਆਂਵਾਲਾ ਤੋਂ, 3 ਕੇਸ ਸੀਐਚ ਗਿੱਦੜਬਾਹਾ ਦੀ ਰਿਪੋਰਟ ਅਨੁਸਾਰ ਅਤੇ 1 ਕੇਸ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਰਿਪੋਰਟ ਅਨੁਸਾਰ ਪਾਜ਼ੇਟਿਵ ਪਾਏ ਗਏ ਹਨ, ਜਿੰਨ੍ਹਾਂ ਨੂੰ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 14 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਵਿੱਚੋਂ ਅੱਜ 400 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 632 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰ 415 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 357 ਹੋ ਗਿਆ ਹੈ, ਜਿੰਨ੍ਹਾਂ ਵਿੱਚੋਂ 252 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ ਇਸ ਸਮੇਂ 102 ਕੇਸ ਐਕਟਿਵ ਚੱਲ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਕਰਕੇ ਜ਼ਿਲ੍ਹੇ ਅੰਦਰ ਤਿੰਨ ਮੌਤਾਂ ਵੀ ਹੋ ਚੁੱਕੀਆਂ ਹਨ।