ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 16 ਅਗਸਤ 2020 - ਨਿਊਜ਼ੀਲੈਂਡ ਦੇ ਵਿਚ ਪਿਛਲੇ ਮੰਗਲਵਾਰ ਲਗਪਗ 102 ਦਿਨ ਬਾਅਦ ਸਥਾਨਿਕ ਭਾਈਚਾਰੇ ਦੇ ਵਿਚੋਂ ਇੱਕੋ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਪੀੜਤ ਪਾਏ ਗਏ ਸਨ ਅਤੇ ਪ੍ਰਧਾਨ ਮੰਤਰੀ ਨੇ ਅਗਲੇ ਹੀ ਦਿਨ ਬੁੱਧਵਾਰ ਤੋਂ ਔਕਲੈਂਡ ਖੇਤਰ ਵਿਚ ਕੋਰੋਨਾ ਤਾਲਾਬੰਦੀ ਪੱਧਰ-3 ਲਾਗੂ ਕਰ ਦਿੱਤੀ ਸੀ ਜੋ ਕਿ ਪਹਿਲਾਂ ਤਿੰਨ ਦਿਨ ਲਈ ਸੀ ਅਤੇ ਫਿਰ ਸ਼ੁੱਕਰਵਾਰ ਨੂੰ 12 ਹੋਰ ਦਿਨਾਂ ਲਈ 26 ਅਗਸਤ ਤੱਕ ਵਧਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਦੇਸ਼ ਦੇ ਬਾਕੀ ਹਿੱਸਿਆਂ ਵਿਚ ਤਾਲਾਬੰਦੀ ਦਾ ਪੱਧਰ-2 ਲਾਗੂ ਕੀਤਾ ਗਿਆ ਹੈ।
ਪੱਧਰ-3 ਉਤੇ ਜਨਤਕ ਟ੍ਰਾਂਸਪੋਰਟ ਸਿਰਫ ਜਰੂਰੀ ਸੇਵਾਵਾਂ ਦੇਣ ਵਾਲੇ ਮੁਲਾਜਮਾਂ ਲਈ ਵਰਤੀਆ ਜਾ ਸਕਣੀਆਂ ਅਤੇ 2 ਮੀਟਰ ਦਾ ਫਾਸਲਾ ਜਰੂਰੀ ਹੈ। ਜਨਤਕ ਟ੍ਰਾਂਸਪੋਰਟ ਵਰਤਣ ਵਾਸਤੇ ਫੇਸ ਮਾਸਕ ਪਹਿਨਣਾ ਵੀ ਜਰੂਰੀ ਕੀਤਾ ਗਿਆ ਹੈ। ਬੱਸਾਂ ਪਹਿਲਾਂ ਦੀ ਤਰ੍ਹਾਂ ਹੀ ਚੱਲਣਗੀਆਂ ਪਰ ਦੇਰ ਰਾਤ ਵਾਲੀਆਂ ਬੱਸਾਂ ਨੂੰ ਘਟਾਇਆ ਗਿਆ ਹੈ। ਸੋਮਵਾਰ ਤੋਂ ਸਕੂਲ ਬੱਸਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਰੇਲਾਂ ਵੀ ਅੱਗੇ ਨਾਲੋਂ ਘੱਟ ਚੱਲਣਗੀਆਂ। ਰੇਲ ਦੇ ਬਾਅਦ ਅਗਲੀ ਰੇਲ ਦਾ ਸਮਾਂ 30 ਮਿੰਟ ਬਾਅਦ ਵੀ ਆਵੇਗਾ ਅਤੇ ਇਸ ਦੌਰਾਨ ਕੀਵੀ ਰੇਲ ਵੱਲੋਂ ਰਿਪੇਅਰ ਦਾ ਕੰਮ ਵੀ ਕੀਤਾ ਜਾਵੇਗਾ। ਸਾਈਕਲਿੰਗ ਵਾਸਤੇ ਵੀ 2 ਮੀਟਰ ਦਾ ਫਾਸਲਾ ਰੱਖਣ ਲਈ ਕਿਹਾ ਗਿਆ ਹੈ।