ਚੰਡੀਗੜ੍ਹ, 21 ਅਗਸਤ 2020 - ਬੀਤੇ ਮਾਰਚ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਫਰੰਟਲਾਈਨ 'ਤੇ ਡਿਊਟੀ ਨਿਭਾਅ ਰਹੇ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਵਿੱਚੋਂ ਕੁਝ ਅਧਿਕਾਰੀ ਕਰੋਨਾ ਪਾਜ਼ੀਟਿਵ ਪਾਏ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਨੇ ਦੱਸਿਆ ਕੁਝ ਕੁ ਅਧਿਕਾਰੀਆਂ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ ਵਿਭਾਗ ਦੇ ਕਰੀਬ ਸਭ ਕਰਮਚਾਰੀਆਂ ਨੇ ਆਪਣਾ ਕੋਵਿਡ ਟੈਸਟ ਕਰਵਾਇਆ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਰਿਪੋਰਟ ਆ ਗਈ ਹੈ ਜਦੋਂ ਕਿ ਕੁਝ ਕੁ ਦੀ ਰਿਪੋਰਟ ਹਾਲੇ ਆਉਣੀ ਹੈ। ਵਿਭਾਗ ਦੇ ਪੰਜ ਅਧਿਕਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਕ ਅਧਿਕਾਰੀ ਦੇ ਪਰਿਵਾਰ ਦੇ ਬਾਕੀ ਤਿੰਨ ਮੈਂਬਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਨਵਦੀਪ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਇਹ ਅਧਿਕਾਰੀ ਇਸ ਵੇਲੇ ਚੜ੍ਹਦੀ ਕਲਾ ਵਿੱਚ ਹਨ ਅਤੇ ਆਪੋ-ਆਪਣੇ ਘਰਾਂ ਵਿੱਚ ਅਲਹਿਦਗੀ ਵਿੱਚ ਹਨ ਅਤੇ ਜਥੇਬੰਦੀ ਵੱਲੋਂ ਉਹ ਇਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਇਸ ਤੋਂ ਇਲਾਵਾ ਇਨ੍ਹਾਂ ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਵਿਭਾਗ ਦੇ ਹੋਰ ਅਧਿਕਾਰੀ ਵੀ ਇਸ ਵੇਲੇ ਆਪੋ-ਆਪਣੇ ਘਰਾਂ ਵਿੱਚ ਏਕਾਂਤਵਾਸ ਵਿੱਚ ਹਨ ਅਤੇ ਉਨ੍ਹਾਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਲੋਕ ਸੰਪਰਕ ਵਿਭਾਗ ਦੇ ਸਮੂਹ ਅਧਿਕਾਰੀਆਂ ਵੱਲੋਂ ਪ੍ਰਿੰਟ, ਇਲੈਕਟ੍ਰਾਨਿਕ, ਵੈੱਬ ਮੀਡੀਆ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਵਿਭਾਗ ਜਿੱਥੇ ਲੋਕਾਂ ਨੂੰ ਕੋਵਿਡ-19 ਸਬੰਧੀ ਇਹਤਿਆਤ ਵਰਤਣ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਲਈ ਨਿਰੰਤਰ ਸੂਚਨਾਵਾਂ ਦੇ ਕੇ ਜਾਗਰੂਕ ਕਰ ਰਿਹਾ ਹੈ, ਉੱਥੇ ਵਿਭਾਗ ਦੇ ਅਧਿਕਾਰੀ ਖੁਦ ਵੀ ਡਿਊਟੀ ਦੇ ਨਾਲ-ਨਾਲ ਇਨ੍ਹਾਂ ਕੋਵਿਡ ਨੇਮਾਂ ਦੀ ਪਾਲਣਾ ਕਰ ਰਹੇ ਹਨ। ਕਿਸੇ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਜਾਂ ਕੋਵਿਡ ਸਬੰਧੀ ਕੋਈ ਵੀ ਮਾਮੂਲੀ ਲੱਛਣ ਪਾਏ ਜਾਣ 'ਤੇ ਤੁਰੰਤ ਟੈਸਟ ਕਰਵਾਇਆ ਜਾਂਦਾ ਹੈ। ਕਈ ਅਧਿਕਾਰੀਆਂ ਵੱਲੋਂ ਤਾਂ ਦੂਹਰੀ ਵਾਰ ਵੀ ਟੈਸਟ ਕਰਵਾਇਆ ਗਿਆ ਹੈ।
ਐਸੋਸੀਏਸ਼ਨ ਦੀ ਤਰਫੋਂ ਅਸੀਂ ਜਿੱਥੇ ਇਸ ਕੋਰੋਨਾ ਸੰਕਟ ਵਿੱਚ ਸੂਬਾ ਵਾਸੀਆਂ ਦੀ ਚੰਗੀ ਸਿਹਤ ਦੀ ਅਰਦਾਸ ਕਰਦੇ ਹਾਂ, ਉਥੇ ਆਪਣੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵੀ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਨ।
ਉਨ੍ਹਾਂ ਨੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਵਿਭਾਗ ਦਾ ਹਰੇਕ ਅਧਿਕਾਰੀ ਚਾਹੇ ਜ਼ਿਲ੍ਹੇ ਵਿੱਚ ਜਾਂ ਹੈੱਡਕੁਆਰਟਰ 'ਤੇ ਤਾਇਨਾਤ ਹੈ, ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਸਥਿਤੀ ਇੰਨੀ ਸੰਵੇਦਨਸ਼ੀਲ ਹੈ ਕਿ ਇਸ ਮਹਾਂਮਾਰੀ ਸਬੰਧੀ ਪੂਰੇ ਇਹਤਿਆਤ ਦੀ ਪਾਲਣਾ ਕਰਨ ਦੇ ਬਾਵਜੂਦ ਕੋਵਿਡ ਖਿਲਾਫ ਜੰਗ ਵਿੱਚ ਅੱਗੇ ਹੋ ਕੇ ਲੜ ਰਹੇ ਸਰਕਾਰੀ ਕਰਮਚਾਰੀਆਂ ਵਿੱਚੋਂ ਵੀ ਕੁੱਝ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ।
ਜ਼ਿਕਰ ਕਰਨਾ ਬਣਦਾ ਹੈ ਇੱਕ ਜੁਆਇੰਟ ਡਾਇਰੈਕਟਰ ਸਮੇਤ ਇਸ ਮਹਿਕਮੇ ਦੇ 5 ਅਫ਼ਸਰ ਕਰੋਨਾ ਪਾਜ਼ਿਟਿਵ ਹੋ ਚੁੱਕੇ ਹਨ ਅਤੇ ਕੁਝ ਹੋਰਨਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ