ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 24 ਅਗਸਤ 2020 - ਕੋਵਿਡ -19 ਮਹਾਂਮਾਰੀ ਦੌਰਾਨ ਫਰੰਟ ਲਾਇਨ ਤੇ ਜੂਝ ਰਹੇ ਸਿਹਤ ਵਿਭਾਗ ਦੇ ਅਮਲੇ ਵਿੱਚੋਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਣ ਵਾਲੇ ਕਰਮਚਾਰੀ ਨੂੰ ਸਰਕਾਰ ਵੱਲੋਂ ਐਲਾਨ ਕੀਤੀ ਗਈ ਪੰਜਾਹ ਲੱਖ ਰੁਪਏ ਦੀ ਬੀਮਾ ਰਾਸ਼ੀ ਕਦੋਂ ਮਿਲੇਗੀ ਇਹ ਸਪੱਸ਼ਟ ਨਹੀਂ ਹੋ ਰਿਹਾ ।
ਪੰਜਾਬ ਅੰਦਰ ਸੈਨੇਟਰੀ ਇੰਸਪੈਕਟਰ, ਏ.ਐੱਨ.ਐੱਮ ਦੀਆਂ ਮੌਤਾਂ ਤੋਂ ਬਾਅਦ ਹੁਣ ਕਰੋਨਾ ਵਾਇਰਸ ਨਾਲ ਇੱਕ ਆਸ਼ਾ ਵਰਕਰ ਰਾਖੀ ਦੀ ਮੌਤ ਹੋਈ ਹੈ । ਸਿਹਤ ਵਿਭਾਗ ਲਈ ਕੰਮ ਕਰਦਿਆਂ ਕੋਵਿਡ - 19 ਦਾ ਸ਼ਿਕਾਰ ਹੋ ਕੇ ਗੁਰੂ ਹਰਸਹਾਏ ਵਾਸੀ ਰਾਖੀ ਪਤਨੀ ਸੰਦੀਪ ਕੁਮਾਰ ਸੋਈ ਭਰ ਜਵਾਨੀ ਵਿੱਚ ਚੱਲ ਵੱਸੀ ਹੈ । 42 ਸਾਲ ਉਮਰ ਵਿੱਚ ਚੱਲ ਵੱਸੀ ਇਸ ਬਦਨਸੀਬ ਮਾਂ ਦੇ ਦੋ ਨਾਬਾਲਗ ਬੱਚੇ ਹਨ। ਬੇਟੀ ਨੇ ਬਾਰ੍ਹਵੀਂ ਜਮਾਤ ਪਾਸ ਕੀਤੀ ਹੈ ਤਾਂ ਬੇਟੇ ਨੇ ਦਸਵੀਂ ਜਮਾਤ।
ਮੈਡੀਕਲ ਰਿਪੋਰਟ ਕਰੋਨਾ ਪੌਜਟਿਵ ਆਉਣ ਤੇ ਰਾਖੀ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੱਖਿਆ ਗਿਆ ਸੀ। ਇਲਾਜ ਦੌਰਾਨ ਹੀ ਉਸਦੀ ਮੌਤ ਹੋਈ। ਅੰਤਿਮ ਸਸਕਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਕਰਵਾਇਆ ਗਿਆ ।
ਵਰਨਣਯੋਗ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਆਸ਼ਾ ਵਰਕਰਾਂ ਨੂੰ ਸ਼ੱਕੀ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜਣ ਦਾ ਕੰਮ ਸੌਂਪਿਆ ਹੋਇਆ ਹੈ।
ਰਾਖੀ ਵੀ ਪਿਛਲੇ ਚਾਰ ਮਹੀਨੇ ਤੋਂ ਹੈਲਥ ਡਿਪਾਰਟਮੈਂਟ ਵੱਲੋਂ ਚਲਾਈ ਮੁਹਿੰਮ ਵਿੱਚ ਕੰਮ ਕਰ ਰਹੀ ਸੀ। ਇਸ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਜੁਗਲ ਕਿਸ਼ੋਰ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਬੀਮਾ ਕੰਪਨੀ ਨਾਲ ਬੀਮੇ ਸਬੰਧੀ ਕਰਾਰ ਕੀਤਾ ਹੋਇਆ ਹੈ ।
ਉਹਨਾਂ ਕਿਹਾ ਕਿ ਮ੍ਰਿਤਕ ਰਾਖੀ ਦੇ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਿਆ ਹੈ । ਉਹਨਾਂ ਕਿਹਾ ਕਿ ਉਹ ਇਸ ਸਬੰਧੀ ਰਿਪੋਰਟ ਬਣਾਕੇ ਸਰਕਾਰ ਵੱਲ ਭੇਜਣਗੇ।
ਇਸ ਸਬੰਧੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੇ ਪ੍ਰਧਾਨ ਵਿਜੇ ਥਿੰਦ ਦਾ ਕਹਿਣਾ ਹੈ ਕਿ ਪਤਾ ਚੱਲਿਆ ਹੈ ਕਿ ਪਟਿਆਲਾ ਵਿਖੇ ਵਾਇਰਸ ਦਾ ਸ਼ਿਕਾਰ ਹੋ ਕੇ ਇੱਕ ਸੈਨੇਟਰੀ ਇੰਸਪੈਕਟਰ ਅਤੇ ਸੁਧਾਰ ਵਿਖੇ ਇੱਕ ਏ ਐੱਨ ਐੱਮ ਦੀ ਮੌਤ ਹੋ ਚੁੱਕੀ ਹੈ । ਹੁਣ ਗੁਰੂ ਹਰਸਹਾਏ ਵਿਖੇ ਰਾਖੀ ਪਤਨੀ ਸੰਦੀਪ ਕੁਮਾਰ ਸੋਈ ਨੂੰ ਕੋਰੋਨਾ ਵਾਇਰਸ ਨੇ ਨਿਗਲ ਲਿਆ ਹੈ । ਸਰਕਾਰ ਵੱਲੋਂ ਜਾਂ ਬੀਮਾ ਕੰਪਨੀ ਵੱਲੋਂ ਹੁਣ ਤੱਕ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਆਰਥਿਕ ਲਾਭ ਨਹੀਂ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਵਾਇਰਸ ਤੋਂ ਆਮ ਲੋਕਾਂ ਨੂੰ ਬਚਾਉਣ ਦੇ ਕੰਮ ਵਿੱਚ ਲੱਗੇ ਪੁਲਿਸ ਵਿਭਾਗ, ਸਿਹਤ ਵਿਭਾਗ ਨਾਲ ਸਬੰਧਤ ਕਰਮਚਾਰੀਆਂ, ਮੀਡਿਆ ਕਰਮਚਾਰੀਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਹੋਸਟਲਾਂ ਅੰਦਰ ਰਸੋਈ ਵਿੱਚ ਕੰਮ ਕਰ ਰਹੇ ਕਰਮਚਾਰੀਆਂ, ਨਰਸਿੰਗ ਦੇ ਵਿਦਿਆਰਥੀਆਂ, ਲੈਕਚਰਾਰ ਅਤੇ ਹੋਸਟਲ ਵਾਰਡਨ ਵੀ ਬੀਮੇ ਅਧੀਨ ਲਏ ਜਾਣ ।
ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ (ਵਿਗਿਆਨਕ) ਦੇ ਸੀਨੀਅਰ ਆਗੂ ਰਵਿੰਦਰ ਲੂਥਰਾ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਦੀ ਰੱਖਿਆ ਲਈ ਕੰਮ ਕਰ ਰਹੇ ਅਮਲੇ ਦੇ ਹੋਏ ਜਾਨੀ ਨੁਕਸਾਨ ਤੇ ਪਰਵਾਰਾਂ ਨੂੰ ਬਗੈਰ ਦੇਰੀ ਕੀਤੇ ਲਾਭ ਦਿੱਤਾ ਜਾਵੇ । ਉਹਨਾਂ ਕਿਹਾ ਕਿ ਪੰਜਾਬ ਦੀਆਂ ਆਸ਼ਾ ਵਰਕਰਾਂ ਵੀ ਲਗਾਤਾਰ ਕੋਵਿਡ-19 ਸਬੰਧੀ ਜਾਰੀ ਮੁਹਿੰਮ ਵਿੱਚ ਪੂਰਾ ਕੰਮ ਕਰ ਰਹੀਆਂ ਹਨ।
ਇਸ ਸਬੰਧੀ ਬੁੱਧੀਜੀਵੀ ਵਰਗ ਨੇ ਮੰਗ ਕੀਤੀ ਹੈ ਕਿ ਮ੍ਰਿਤਕਾ ਰਾਖੀ ਦੇ ਪਰਵਾਰ ਨੂੰ ਤੁਰੰਤ ਬੀਮਾ ਰਾਸ਼ੀ ਪ੍ਰਦਾਨ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ।